ਦਿੱਲੀ, 10 ਅਗਸਤ
ਦਿੱਲੀ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਧਮਕੀ ਦੇਣ ਅਤੇ ਅਪਮਾਨਜਨਕ ਭਾਸ਼ਾ ਬੋਲਣ ਦੇ ਦੋਸ਼ ਹੇਠ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਪੁਲੀਸ ਨੇ ਦਿੱਤੀ ਹੈ। ਪੁਲੀਸ ਅਨੁਸਾਰ ਸੋਮਵਾਰ ਨੂੰ ਲਾਂਬਾ ਵੱਲੋਂ ਈ-ਮੇਲ ਜ਼ਰੀਏ ਇੱਕ ਸ਼ਿਕਾਇਤ ਦਿੱਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਟਵਿਟਰ ’ਤੇ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਇੱਕ ਵਿਅਕਤੀ ਲਾਂਬਾ ਨੂੰ ਧਮਕੀਆਂ ਦੇ ਰਿਹਾ ਤੇ ਅਪਮਾਨਜਨਕ ਭਾਸ਼ਾ ਬੋਲ ਰਿਹਾ ਹੈ। ਖਬਰ ਏਜੰਸੀ ਨੂੰ ਲਾਂਬਾ ਨੇ ਦੱਸਿਆ ਹੈ ਕਿ ਉਸ ਨੇ ਦਿੱਲੀ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਈ-ਮੇਲ ਰਾਹੀਂ ਸ਼ਿਕਾਇਤ ਦਿੱਤੀ ਹੈ। ਲਾਂਬਾ ਨੇ ਕਿਹਾ, ‘‘ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜੋ ਔਰਤਾਂ ਨੂੰ ਧਮਕੀਆਂ ਦਿੰਦੇ ਹਨ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਜੇ ਇਨ੍ਹਾਂ ਖ਼ਿਲਾਫ਼ ਹੁਣ ਕਾਰਵਾਈ ਨਾ ਹੋਈ ਤਾਂ ਉਹ ਅੱਗੇ ਜਾ ਕੇ ਵੀ ਅਜਿਹੀ ਹਰਕਤ ਕਰਨਗੇ।’’ ਲਾਂਬਾ ਨੇ ਕਿਹਾ ਕਿ ਉਹ ਸਾਰੀਆਂ ਔਰਤਾਂ ਤੇ ਲੜਕੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਨਿਡਰ ਹੋ ਕੇ ਅਜਿਹੇ ਲੋਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ। -ਪੀਟੀਆਈ