ਨਵੀਂ ਦਿੱਲੀ, 28 ਜੁਲਾਈ
ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ‘ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵਲੋਂ ਸਦਨ ਦੇ ਬਾਹਰ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਟਿੱਪਣੀ ਨੂੰ ਕਬਾਇਲੀ ਤੇ ਗਰੀਬ ਵਿਰੋਧੀ ਕਰਾਰ ਦਿੱਤਾ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਸੱਤਾਧਾਰੀ ਤੇ ਵਿਰੋਧੀ ਧਿਰਾਂ ਵਿਚਾਲੇ ਬੋਲ-ਬੁਲਾਰੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਵੇਰੇ 11 ਵਜੇ ਜਦੋਂ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਸਦਨ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਦੇਸ਼ ਦੀ ਪਹਿਲੀ ਮਹਿਲਾ ਕਬਾਇਲੀ ਪ੍ਰਧਾਨ ਦਰੋਪਦੀ ਮੁਰਮੂ ਨੂੰ ‘ਰਾਸ਼ਟਰੀ ਪਤਨੀ’ ਕਹਿ ਕੇ ਅਪਮਾਨਿਤ ਕੀਤਾ ਹੈ। ਇਰਾਨੀ ਨੇ ਕਿਹਾ ਕਿ ਚੌਧਰੀ ਨੇ ਮੁਰਮੂ ਦਾ ਸੜਕ ’ਤੇ ਜਾ ਕੇ ਅਪਮਾਨ ਕੀਤਾ, ਜੋ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ‘ਤੇ ਹਨ। ਦੁਪਹਿਰ 12 ਵਜੇ ਵੀ ਪਹਿਲਾਂ ਵਾਲੀ ਹਾਲਤ ਰਹੀ ਤੇ ਸਦਨ ਨੂੰ ਸ਼ਾਮ 4 ਵਜੇ ਤੱਕ ਉਠਾਅ ਦਿੱਤਾ ਗਿਆ। ਸ਼ਾਮ ਨੂੰ ਸਦਨ ਮੁੜ ਜੁੜਿਆ ਤਾਂ ਹਾਲਾਤ ਨਹੀਂ ਬਦਲੇ ਤੇ ਸਦਨ ਨੂੰ ਬਾਕੀ ਦਿਨ ਲਈ ਉਠਾਅ ਦਿੱਤਾ ਗਿਆ।