ਨਵੀਂ ਦਿੱਲੀ, 4 ਜੁਲਾਈ
ਸੰਸਦ ਦੇ ਅਗਾਮੀ ਮੌਨਸੂਨ ਸੈਸ਼ਨ ਲਈ ਕਾਂਗਰਸ ਲੋਕ ਸਭਾ ਵਿੱਚ ਆਪਣੇ ਨੇਤਾ ਅਧੀਰ ਰੰਜਨ ਚੌਧਰੀ ਦੀ ਥਾਂ ਕੋਈ ਨਵਾਂ ਚਿਹਰਾ ਲਿਆਉਣ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ। ਸੂਤਰਾਂ ਮੁਤਾਬਕ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਅਧੀਰ ਰੰਜਨ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਪਰ ਉਥੇ ਕਾਂਗਰਸ ਦੀ ਫੱਟੀ ਪੁਚ ਗਈ। ਦੂਜਾ ਕਾਰਨ ਇਹ ਹੈ ਕਿ ਪਾਰਟੀ ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ ਨਾਲ ਨੇੜਤਾ ਕਾਇਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਨ ਦੀ ਇਛੁੱਕ ਹੈ। ਅਧੀਰ ਰੰਜਨ ਮਮਤਾ ਦੇ ਵਿਰੋਧੀ ਹਨ। ਜਿਸ ਕਾਰਨ ਉਨ੍ਹਾਂ ਨੂੰ ਹਟਾਉਣਾ ਪਾਰਟੀ ਦੀ ਮਜਬੂਰੀ ਹੈ। ਹੁਣ ਪਾਰਟੀ ਅੰਦਰ ਮਨੀਸ਼ ਤਿਵਾੜੀ ਤੇ ਸ਼ਸ਼ੀ ਥਰੂਰ ਨੂੰ ਲੋਕ ਸਭਾ ਵਿੱਚ ਪਾਰਟੀ ਨੇਤਾ ਬਣਾਉਣ ’ਤੇ ਵਿਚਾਰ ਹੋ ਰਿਹਾ ਹੈ। ਤਿਵਾੜੀ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਹੋਏ ਹਨ ਤੇ ਉਨ੍ਹਾਂ ਦਾ ਪਿਛੋਕੜ ਪੂਰਬੀ ਉੱਤਰ ਪ੍ਰਦੇਸ਼ ਦਾ ਹੈ। ਉਨ੍ਹਾਂ ਦੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਚੰਗੇ ਸਬੰਧ ਹਨ ਤੇ ਜਾਤ ਦੇ ਬ੍ਰਹਾਮਣ ਵੀ ਹਨ। ਦੂਜੇ ਪਾਸੇ ਸ਼ਸ਼ੀ ਥਰੂਰ ਕੇਰਲ ਤੋਂ ਸੰਸਦ ਮੈਂਬਰ ਹਨ ਤੇ ਕਈ ਵਿਸ਼ਿਆ ’ਤੇ ਆਪਣੀ ਰਾਇ ਖੁੱਲ੍ਹ ਕੇ ਰੱਖਦੇ ਹਨ। ਸੂਤਰਾਂ ਮੁਤਾਬਕ ਪਾਰਟੀ ਦਾ ਇਕ ਧੜਾ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਦਾਰੀ ਦੇਣ ਦਾ ਇਛੁੱਕ ਹੈ ਪਰ ਉਹ ਇਸ ਜ਼ਿੰਮੇਵਾਰੀ ਨੂੰ ਨਹੀਂ ਲੈਣਾ ਚਾਹੁੰਦੇ ਕਿਉਂਕਿ ਕਾਂਗਰਸ ਦੀਆਂ ਸਦਨ ਵਿੱਚ ਸੀਟਾਂ ਐਨੀਆਂ ਘੱਟ ਹਨ ਕਿ ਰਾਹੁਲ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਨਹੀਂ ਮਿਲੇਗਾ। ਹੈਰਾਨੀ ਦੀ ਗੱਲ ਹੈ ਕਿ ਤਿਵਾੜੀ ਤੇ ਥਰੂਰ ਦੋਵੇਂ ਉਸ ਗਰੁੱਪ-23 ਦੇ ਮੈਂਬਰ ਹਨ ਜਿਸ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਪੱਤਰ ਭੇਜ ਕੇ ਪਾਰਟੀ ਅੰਦਰ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਸੀ।