ਨਵੀਂ ਦਿੱਲੀ: ਕੇਂਦਰੀ ਮੰਤਰੀ ਜੀਤੇਂਦਰ ਸਿਘ ਨੇ ਅੱਜ ਕਿਹਾ ਕਿ ਅਸਾਮ ’ਚ ਗੱਠਜੋੜ ਨੂੰ ਲੈ ਕੇ ਕਾਂਗਰਸ ਵਿਚਾਲੇ ਦੁਚਿੱਤੀ ਤੇ ਉਲਝਾਅ ਦੀ ਸਥਿਤੀ ਹੈ। ਉਨ੍ਹਾਂ ਨਾਲ ਹੀ ਅਸਾਮ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਲੈ ਕੇ ਭਰੋਸਾ ਜ਼ਾਹਿਰ ਕੀਤਾ ਹੈ। ਜੀਤੇਂਦਰ ਸਿੰਘ ਨੇ ਦਾਅਵਾ ਕੀਤਾ ਕਿ ਅਸਾਮ ਦੇ ਲੋਕ ਇੱਕ ਵਾਰ ਫਿਰ ਭਾਜਪਾ ਨੂੰ ਸੱਤਾ ’ਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਹੁਣ ਵਿਰੋਧੀ ਪਾਰਟੀਆਂ ਨੂੰ ਵੀ ਇਹ ਅਹਿਸਾਸ ਹੋ ਰਿਹਾ ਹੈ ਇਸ ਲਈ ਭਾਜਪਾ ਦਾ ਮੁਕਾਬਲਾ ਕਰਨ ਲਈ ਅੱਠ ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘ਇਸ ਗੱਠਜੋੜ ਨੂੰ ਲੈ ਕੇ ਕਾਂਗਰਸ ’ਚ ਅੰਦਰੂਨੀ ਦੁਚਿੱਤੀ ਅਤੇ ਉਲਝਾਅ ਦੀ ਸਥਿਤੀ ਹੈ। ਇਸ ਲਈ ਇਸ ਨਾਲ ਉਸ ਨੂੰ ਕੋਈ ਲਾਭ ਨਹੀਂ ਹੋਣ ਜਾ ਰਿਹਾ।’ ਅਸਾਮ ਦੀ 126 ਮੈਂਬਰੀ ਵਿਧਾਨ ਸਭਾ ਲਈ ਪਹਿਲੇ ਗੇੜ ’ਚ 47 ਸੀਟਾਂ ’ਤੇ 27 ਮਾਰਚ ਨੂੰ, ਦੂਜੇ ਗੇੜ ’ਚ 39 ਸੀਟਾਂ ’ਤੇ 1 ਅਪਰੈਲ ਨੂੰ ਜਦਕਿ ਤੀਜੇ ਗੇੜ ’ਚ 40 ਸੀਟਾਂ ’ਤੇ ਛੇ ਅਪਰੈਲ ਨੂੰ ਵੋਟਾਂ ਪੈਣਗੀਆਂ। -ਪੀਟੀਆਈ