ਨਵੀਂ ਦਿੱਲੀ, 1 ਅਗਸਤ
ਪੈਗਾਸਸ ਜਾਸੂਸੀ ਕਾਂਡ ਦੇ ਮੁੱਦੇ ’ਤੇ ਸੰਸਦ ’ਚ ਬਹਿਸ ਕਰਾਉਣ ਲਈ ਦਬਾਅ ਬਣਾ ਰਹੀ ਕਾਂਗਰਸ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਪਾਰਟੀ ਜਦੋਂ ਸੱਤਾ ’ਚ ਸੀ ਤਾਂ ਉਹ ‘ਜਾਸੂਸੀ ਦੀ ਜੇਮਸ ਬਾਂਡ’ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ‘ਫਰਜ਼ੀ ਅਤੇ ਮਨਘੜਤ’ ਮੁੱਦਿਆਂ ’ਤੇ ਸੰਸਦ ਦਾ ਸਮਾਂ ਬਰਬਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਾਸੂਸੀ ਦਾ ਜਾਲ ਬੁਣਦੀ ਹੈ ਅਤੇ ਜਦੋਂ ਉਹ ਵਿਰੋਧੀ ਧਿਰ ’ਚ ਹੁੰਦੀ ਹੈ ਤਾਂ ਉਹ ਕਥਿਤ ਨਿਗਰਾਨੀ ਦਾ ਰੌਲਾ ਪਾਉਂਦੀ ਰਹਿੰਦੀ ਹੈ। ਰਾਜ ਸਭਾ ’ਚ ਉਪ ਨੇਤਾ ਨੇ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨੂੰ ਭੰਡਦਿਆਂ ਕਿਹਾ ਕਿ ਉਹ ਦੋਸ਼ ਲਗਾ ਕੇ ਭੱਜਣ ਦੀ ਨੀਤੀ ’ਤੇ ਚੱਲ ਰਹੀਆਂ ਹਨ। ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਬਹਿਸ ਕਰਨ ਲਈ ਤਿਆਰ ਹੈ। ਉਨ੍ਹਾਂ ਆਸ ਜਤਾਈ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਛੇਤੀ ਟਕਰਾਅ ਖ਼ਤਮ ਹੋਵੇਗਾ ਅਤੇ ਲੋਕ ਸਭਾ ਤੇ ਰਾਜ ਸਭਾ ਸੁਚਾਰੂ ਢੰਗ ਨਾਲ ਚੱਲਣਗੀਆਂ। ਨਕਵੀ ਨੇ ਸੰਸਦ ਦੇ ਮੌਨਸੂਨ ਇਜਲਾਸ ’ਚ ਕਟੌਤੀ ਦੀਆਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਇਜਲਾਸ 13 ਅਗਸਤ ਤੱਕ ਚੱਲਣਾ ਹੈ ਅਤੇ ਉਸ ਸਮੇਂ ਤੱਕ ਕੰਮਕਾਰ ਸੂਚੀਬੱਧ ਕੀਤਾ ਗਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਰਾਫ਼ਾਲ ਜੈੱਟ ਮੁੱਦੇ ’ਤੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸੰਸਦ ਦੇ ਸਮੇਂ ਨੂੰ ਬਰਬਾਦ ਕੀਤਾ ਸੀ। -ਪੀਟੀਆਈ