ਨਵੀਂ ਦਿੱਲੀ, 31 ਅਗਸਤ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਸੱਤਾ ਵਿੱਚ ਆਈ ਤਾਂ ਉਹ ਸੂਬੇ ਵਿੱਚ 5 ਲੱਖ ਨੌਜਵਾਨਾਂ ਨੂੰ ਨੌਕਰੀਆਂ ਤੇ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਪੂਰਾ ਕਰੇਗੀ।
ਰਾਹੁਲ ਗਾਂਧੀ ਜਿਹੜੇ ਕਿ ਆਪਣੀ ਮਾਂ ਸੋਨੀਆ ਗਾਂਧੀ ਨਾਲ ਵਿਦੇਸ਼ ਹਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਕਾਂਗਰਸ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਹੁੰ ਚੁੱਕੇਗੀ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਾਲ ਦੇ ਅਖੀਰ ਵਿੱਚ ਚੋਣਾਂ ਹੋਣੀਆਂ ਹਨ ਅਤੇ ਕਾਂਗਰਸ ਨੇ ਭਾਜਪਾ ਤੋਂ ਸੱਤਾ ਹਾਸਲ ਕਰਨ ਲਈ ਕਮਰ ਕੱਸੀ ਹੋਈ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਆਪਣੇ ਚੋਣ ਵਾਅਦਿਆਂ ਬਾਰੇ ‘‘ਸੰਕਲਪ ਪੱਤਰ’’ ਜਾਰੀ ਕੀਤਾ ਗਿਆ ਹੈ।
ਰਾਹੁਲ ਨੇ ਟਵੀਟ ਕੀਤਾ, ‘‘ਕਾਂਗਰਸ ਨੇ ਦੇਵਭੂਮੀ#ਹਿਮਾਚਲ ਕਾ ਸੰਕਲਪ ਵਿੱਚ ਵਾਅਦੇ ਪੂਰੇ ਕਰਨ ਦਾ ਅਹਿਦ ਕੀਤਾ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਵੇਗੀ, ਔਰਤਾਂ ਨੂੰ ਹਰ ਮਹੀਨੇ 15 ਸੌ ਰੁਪਏ ਮਿਲਣਗੇ। ਤਿੰਨ ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਨੌਜਵਾਨਾਂ ਵਾਸਤੇ 5 ਲੱਖ ਨੌਕਰੀਆਂ। 680 ਕਰੋੜ ਰੁਪਏ ਦਾ ਸਟਾਰਟ ਅੱਪ ਫੰਡ ਹੋਵੇਗਾ। ਰਾਜਸਥਾਨ ਅਤੇ ਛੱਤੀਸਗੜ੍ਹ ਵਾਂਗ ਅਸੀਂ ਆਪਣੇ ਵਾਅਦੇ ਪੂਰੇ ਕਰਾਂਗੇ। ਇਕੱਠੇ ਮਿਲ ਕੇ ਅਸੀਂ ਹਿਮਾਚਲ ਪ੍ਰਦੇਸ਼ ਨੂੰ ਫਿਰ ਅੱਗੇ ਲਿਜਾਵਾਂਗੇ।’’ ਫੇਸਬੁਕ ’ਤੇ ਇੱਕ ਹੋਰ ਪੋਸਟ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੁਣ ਕਾਂਗਰਸ ਪਾਰਟੀ ਦੀ ‘ਗਾਰੰਟੀ’ ਹੈ।’’ ਰਾਹੁਲ ਗਾਂਧੀ ਮੁਤਾਬਕ, ‘‘ਕਾਂਗਰਸ ਵੱਲੋਂ ਇਸ ਵਿੱਚ ਮੁੱਖ ਤੌਰ ’ਤੇ 10 ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਪੁਰਾਣੀ ਪੈਨਸ਼ਨ ਯੋਜਨਾ, ਔਰਤਾਂ ਲਈ 1,500 ਰੁਪਏ ਪ੍ਰਤੀ ਮਹੀਨਾ, 300 ਯੂਨਿਟ ਬਿਜਲੀ ਮੁਫ਼ਤ, 5 ਲੱਖ ਨੌਕਰੀਆਂ, ਫਸਲਾਂ ਤੇ ਫਲਾਂ ਲਈ ਵਾਜਬ ਭਾਅ, 680 ਕਰੋੜ ਰੁਪਏ ਦਾ ਸਟਾਰਟ-ਅਪ ਫੰਡ, ਅੰਗਰੇਜ਼ੀ ਮੀਡੀਅਮ ਸਕੂਲ ਅਤੇ ਰੋਜ਼ਾਨਾ ਪਸ਼ੂ ਪਾਲਕਾਂ ਤੋਂ 10 ਲੀਟਰ ਦੁੱਧ ਦੀ ਖਰੀਦ ਅੇ 2 ਰੁਪਏ ਪ੍ਰਤੀ ਕਿਲੋ ਗੋਹਾ ਖਰੀਦਣ ਦੀ ਗਾਰੰਟੀ ਸ਼ਾਮਲ ਹੈ।’’ -ਪੀਟੀਆਈ
ਕਾਂਗਰਸ ਦੀ ਗਾਰੰਟੀ ਲੋਕਾਂ ਦੇ ਅਸਲ ਮੁੱਦਿਆਂ ਨੂੰ ਸਮਰਪਿਤ: ਪ੍ਰਿਯੰਕਾ ਗਾਂਧੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘‘ਕਾਂਗਰਸ ਪਾਰਟੀ ਦੇਵਭੂਮੀ ਹਿਮਾਚਲ ਦੀ ਜਨਤਾ ਦੇ ਅਸਲ ਮੁੱਦਿਆਂ ਨਾਲ ਸਬੰਧਤ ਗਾਰੰਟੀ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੀ ਹੈ। ਸੂੁਬੇ ਦੇ ਲੋਕ ਚਾਹੁੰਦੇ ਹਨ ਕਿ ਇਸ ਮੁੱਦਿਆਂ ’ਤੇ ਕੰਮ ਕਰਨ ਦੀ ਠੋਸ ਗੱਲ ਹੋਵੇ। ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ’ਤੇ ਕੰਮ ਅਤੇ ਸੂਬੇ ਦੇ ਵਿਕਾਸ ਦਾ ਸੰਕਲਪ ਲੈਂਦੀ ਹੈ।’’