ਪੁੱਡੂਚੇਰੀ, 22 ਫਰਵਰੀ
ਭਰੋਸੇ ਦੇ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ ਨਾਰਾਇਣਸਾਮੀ ਦੇ ਅਸਤੀਫੇ ਕਾਰਨ ਪੁੱਡੂਚੇਰੀ ’ਚ ਕਾਂਗਰਸ ਸਰਕਾਰ ਡਿੱਗ ਗਈ ਹੈ। ਹਾਲ ਹੀ ’ਚ ਕਈ ਕਾਂਗਰਸ ਦੇ ਵਿਧਾਇਕਾਂ ਤੇ ਬਾਹਰ ਤੋਂ ਹਮਾਇਤ ਦੇ ਰਹੇ ਡੀਐੱਮਕੇ ਦੇ ਵਿਧਾਇਕਾਂ ਦੇ ਅਸਤੀਫੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਬਹੁਮੱਤ ਗੁਆ ਚੁੱਕੀ ਸੀ। ਸਦਨ ’ਚ ਫਿਲਹਾਲ ਸਰਕਾਰ ਕੋਲ 11 ਅਤੇ ਵਿਰੋਧੀ ਧਿਰ ਕੋਲ 14 ਵਿਧਾਇਕ ਹਨ। ਨਾਰਾਇਣਸਾਮੀ ਨੇ ਉੱਪ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੂੰ ਮਿਲ ਕੇ ਮੰਤਰੀ ਮੰਡਲ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਿਆ। ਐੱਨਆਰ ਕਾਂਗਰਸ ਦੇ ਮੁਖੀ ਤੇ ਵਿਰੋਧੀ ਧਿਰ ਦੇ ਨੇਤਾ ਐੱਨ ਰੰਗਾਸਾਮੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਇਸ ਬਾਰੇ ਅੱਗੇ ਚਰਚਾ ਕੀਤੀ ਜਾਵੇਗੀ। ਸੁੰਦਰਰਾਜਨ ਨੇ ਇਸ ਤੋਂ ਪਹਿਲਾਂ ਅੱਜ ਇੱਕ ਦਿਨ ਦਾ ਵੱਡਾ ਸੈਸ਼ਨ ਸੱਦਿਆ ਸੀ ਜਿਸ ਦਾ ਏਜੰਡਾ ਭਰੋਸੇ ਦੀ ਵੋਟ ਸੀ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਨੇ ਪਿਛਲੇ ਹਫ਼ਤੇ ਉਨ੍ਹਾਂ ਨੂੰ ਅਰਜ਼ੀ ਦੇ ਕੇ ਕਿਹਾ ਸੀ ਕਿ ਵਿਧਾਇਕਾਂ ਦੇ ਅਸਤੀਫੇ ਕਾਰਨ ਸਰਕਾਰ ਬਹੁਮੱਤ ਗੁਆ ਚੁੱਕੀ ਹੈ। ਇਸ ਤੋਂ ਪਹਿਲਾਂ ਦਿਨੇ ਅੱਜ ਸਦਨ ’ਚ ਭਰੋਸੇ ਦੀ ਵੋਟ ਤੋਂ ਪਹਿਲਾਂ ਨਾਰਾਇਣਸਾਮੀ ਆਪਣੇ ਸਾਥੀਆਂ ਨਾਲ ਕੇਂਦਰ ਸਰਕਾਰ ਤੇ ਪੁੱਡੂਚੇਰੀ ਦੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਦੀ ਆਲੋਚਨਾ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ। ਇਸ ਤੋਂ ਪਹਿਲਾਂ ਸਦਨ ’ਚ ਮਨੋਨੀਤ ਮੈਂਬਰਾਂ ਦੇ ਵੋਟ ਕਰਨ ਨੂੰ ਲੈ ਕੇ ਚਰਚਾ ਹੋਈ। ਇਸ ਤੋਂ ਬਾਅਦ ਵਿਧਾਨ ਸਭਾ ਪ੍ਰਧਾਨ ਵੀਪੀ ਸ਼ਿਵਕੋਲੁੰਧੂ ਨੇ ਮੁੱਖ ਮੰਤਰੀ ਵੱਲੋਂ ਸਦਨ ’ਚ ਰੱਖੇ ਗਏ ਭਰੋਸੇ ਮਤੇ ਦੇ ਡਿੱਗਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਅੱਜ ਸਵੇਰੇ ਰੱਖੇ ਗਏ ਮਤੇ ’ਤੇ ਕੋਈ ਵੀ ਵੋਟਿੰਗ ਨਹੀਂ ਹੋਈ।
ਨਾਰਾਇਣਸਾਮੀ ਨੇ ਪੱਤਰਕਾਰਾਂ ਨੂੰ ਕਿਹਾ, ‘ਸਿਰਫ਼ ਚੁਣੇ ਹੋਏ ਮੈਂਬਰ ਹੀ ਸਦਨ ’ਚ ਵੋਟਿੰਗ ਕਰ ਸਕਦੇ ਹਨ। ਸਾਡੇ ਇਸ ਵਿਚਾਰ ਨੂੰ ਵਿਧਾਨ ਸਭਾ ਪ੍ਰਧਾਨ ਨੇ ਸਵੀਕਾਰ ਨਹੀਂ ਕੀਤਾ। ਇਸ ਲਈ ਅਸੀਂ ਸਦਨ ਦਾ ਬਾਈਕਾਟ ਕਰਨ ਮਗਰੋਂ ਅਸਤੀਫਾ ਦੇ ਦਿੱਤਾ।’ ਉੱਧਰ ਡੀਐੱਮਕੇ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਕੇ ਵਿਧਾਇਕੀ ਤੋਂ ਅਸਤੀਫਾ ਦੇਣ ਵਾਲੇ ਪਾਰਟੀ ਦੇ ਪੁੱਡੂਚੇਰੀ ਤੋਂ ਆਗੂ ਕੇ ਵੈਂਕਟੇਸ਼ਨ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ। -ਪੀਟੀਆਈ
ਗਹਿਲੋਤ ਤੇ ਸਿੱਧਾਰਮੱਈਆ ਵੱਲੋਂ ਭਾਜਪਾ ਦੀ ਨਿੰਦਾ
ਜੈਪੁਰ/ਬੰਗਲੂਰੂ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ’ਤੇ ਪੁੱਡੂਚੇਰੀ ’ਚ ਸਰਕਾਰ ਡੇਗਣ ਲਈ ਅਨੈਤਿਕ ਢੰਗ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਇਨ੍ਹਾਂ ਤੌਰ-ਤਰੀਕਿਆਂ ਨਾਲ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਗਹਿਲੋਤ ਨੇ ਟਵੀਟ ਕੀਤਾ, ‘ਪੁੱਡੂਚੇਰੀ ’ਚ ਅਨੈਤਿਕ ਤਰੀਕਿਆਂ ਨਾਲ ਕਾਂਗਰਸ ਸਰਕਾਰ ਡਿਗਾ ਕੇ ਭਾਜਪਾ ਨੇ ਦਿਖਾ ਦਿੱਤਾ ਹੈ ਕਿ ਉਹ ਸੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਪਹਿਲਾਂ ਉੱਪ ਰਾਜਪਾਲ ਰਾਹੀਂ ਸ਼ਾਸਨ ਚਲਾਉਣ ’ਚ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਅਤੇ ਹੁਣ ਪੈਸੇ ਦੇ ਜ਼ੋਰ ਨਾਲ ਸਰਕਾਰ ਡਿਗਾ ਦਿੱਤੀ।’ ਇਸੇ ਤਰ੍ਹਾਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨਹੀਂ ਚਾਹੁੰਦੀ ਕਿ ਪੁੱਡੂਚੇਰੀ ’ਚ ਜਦੋਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤਾਂ ਅਜਿਹੇ ’ਚ ਉੱਥੇ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਰਹੇ। -ਪੀਟੀਆਈ