ਨਵੀਂ ਦਿੱਲੀ, 14 ਮਾਰਚ
ਕਾਂਗਰਸ ਨੇ ਇਕ ਮੀਡੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਚੋਣਾਂ ਦੌਰਾਨ ਹੁਕਮਰਾਨ ਪਾਰਟੀ ਨੂੰ ਵੰਡੀਆਂ ਪਾਉਣ ਵਾਲੇ ਇਸ਼ਤਿਹਾਰਾਂ ਨਾਲ ਵਡਿਆਇਆ ਗਿਆ ਜੋ ‘ਲੋਕਤੰਤਰ ਦੀ ਹੱਤਿਆ’ ਵਰਗਾ ਕਾਰਾ ਹੈ। ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਇਸ ਫੰਡਿਡ ਕੰਪਨੀ ਭਾਜਪਾ ਦਾ ਫੇਸਬੁੱਕ ’ਤੇ ਪ੍ਰਚਾਰ ਕਰ ਰਹੀ ਸੀ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਇਹ ਲੋਕਤੰਤਰ ਦੀਆਂ ਨੀਹਾਂ ਨੂੰ ਹਿਲਾਉਣ ਦਾ ਕਾਰਾ ਹੈ। ਰਿਪੋਰਟ ਨੱਥੀ ਕਰਦਿਆਂ ਉਨ੍ਹਾਂ ਕਿਹਾ ਕਿ ਫੇਸਬੁੱਕ ਰਾਹੀਂ ਨਫ਼ਰਤ ਅਤੇ ਝੂਠ ਫੈਲਾਇਆ ਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਬਹੁਕੌਮੀ ਕੰਪਨੀ ਅਤੇ ਕਾਰਪੋਰੇਟ ਘਰਾਣੇ ਮਿਲੀਭੁਗਤ ਨਾਲ ਭਾਰਤੀ ਜਮਹੂਰੀਅਤ ਨੂੰ ਢਾਹ ਲਗਾ ਰਹੇ ਹਨ। ਵਿਰੋਧੀ ਧਿਰ ਦੇ ਆਗੂਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਹੈ ਜਦੋਂ ਅਲ ਜਜ਼ੀਰਾ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਅਤੇ 9 ਸੂਬਿਆਂ ਦੀਆਂ ਚੋਣਾਂ ’ਚ ਭਾਜਪਾ ਦੀ ਚੜ੍ਹਤ ਬਣਾਉਣ ਲਈ ਲੱਖਾਂ ਰੁਪਏ ਦੇ ਨਕਲੀ ਇਸ਼ਤਿਹਾਰ ਦਿੱਤੇ ਗਏ ਸਨ। ਰਿਪੋਰਟ ਮੁਤਾਬਕ ਅਰਬਪਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਜੀਓ ਪਲੈਟਫਾਰਮ ਲਿਮਟਿਡ ਦੀ ਸਹਾਇਕ ਕੰਪਨੀ ਨੇ ਇਹ ਇਸ਼ਤਿਹਾਰ ਚਲਾਏ ਸਨ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਿਲਾਇੰਸ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਫੇਸਬੁੱਕ ’ਤੇ ਭਾਜਪਾ ਦੇ ਪ੍ਰੋਪੇਗੰਡਾ ਪੇਜ ਰਾਹੀਂ ਫਰਜ਼ੀ ਖ਼ਬਰਾਂ ਨੂੰ ਪੈਸੇ ਕਿਉਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਵੱਲੋਂ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਦੇਸ਼ ’ਚ ਫਿਰਕੂ ਗੜਬੜੀ ਦਾ ਮਾਹੌਲ ਬਣਾਇਆ ਜਾ ਸਕੇ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ ਕਿ ਮੁਲਕ ਦੇ ਜਮਹੂਰੀ ਤਾਣੇ-ਬਾਣੇ ’ਤੇ ਹਮਲੇ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੋਈ ਨਵੀਂ ਗੱਲ ਨਹੀਂ ਹੈ ਅਤੇ ਭਾਜਪਾ ਅਜਿਹੀਆਂ ਚਾਲਾਂ ਪਹਿਲਾਂ ਤੋਂ ਖੇਡਦੀ ਆ ਰਹੀ ਹੈ। ਫੇਸਬੁੱਕ ’ਤੇ ਹਮਲਾ ਬੋਲਦਿਆਂ ਕਾਂਗਰਸ ਨੇ ਸਵਾਲ ਕੀਤਾ ਕਿ ਕੀ ਕੋਈ ਆਲਮੀ ਕੰਪਨੀ ਨਫ਼ਰਤ ਅਤੇ ਕੂੜ ਪ੍ਰਚਾਰ ਲਈ ਆਪਣੇ ਪਲੈਟਫਾਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਸਕਦੀ ਹੈ।
ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਅਤੇ ਯੂਥ ਕਾਂਗਰਸ ਮੁਖੀ ਸ੍ਰੀਨਿਵਾਸ ਬੀ ਵੀ ਨੇ ਕਿਹਾ ਕਿ ਨਫ਼ਰਤ ਦੇ ਵਪਾਰ ’ਚ ਸਾਰੇ ਰਲੇ ਹੋਏ ਹਨ। ਛੱਤੀਸਗੜ੍ਹ ਦੇ ਮੰਤਰੀ ਟੀ ਐੱਸ ਸਿੰਘਦਿਓ ਨੇ ਵੀ ਟਵਿੱਟਰ ’ਤੇ ਮੀਡੀਆ ਰਿਪੋਰਟ ਸਾਂਝੀ ਕੀਤੀ ਹੈ ਅਤੇ ਦੋਸ਼ ਲਾਇਆ ਕਿ ਭਾਜਪਾ ਦੇ ਹੱਕ ’ਚ ਪ੍ਰਚਾਰ ਕਰਕੇ ਜਮਹੂਰੀ ਪ੍ਰਕਿਰਿਆ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ। -ਪੀਟੀਆਈ