ਨਵੀਂ ਦਿੱਲੀ, 12 ਅਕਤੂਬਰ
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਅੱਜ ਛੱਤੀਸਗੜ੍ਹ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਸਬੰਧੀ ਚਰਚਾ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਅਤੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਹੋਏ। ਮੀਟਿੰਗ ਮਗਰੋਂ ਖੜਗੇ ਨੇ ਐਕਸ ’ਤੇ ਲਿਖਿਆ, ‘ਛੱਤੀਸਗੜ੍ਹ ’ਚ ਅਸੀਂ 5 ਸਾਲ ਨਿਆਂ ਪ੍ਰਣਾਲੀ ਦਾ ਇੱਕ ਨਵਾਂ ਅਧਿਆਏ ਲਿਖਿਆ ਹੈ। ਪਿੰਡ, ਗਰੀਬ, ਕਿਸਾਨ, ਨੌਜਵਾਨ, ਮਹਿਲਾਵਾਂ ਤੇ ਸਾਰੇ ਵਰਗਾਂ ਦੀ ਭਲਾਈ ਦੀ ਸਥਾਪਨਾ ਕੀਤੀ ਹੈ। ਅੱਜ ਛੱਤੀਸਗੜ੍ਹ ਦੇ ਸਬੰਧ ਵਿੱਚ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ। ਛੱਤੀਸਗੜ੍ਹ ਦਾ ਭਰੋਸਾ ਬਰਕਰਾਰ, ਫਿਰ ਤੋਂ ਕਾਂਗਰਸ ਸਰਕਾਰ!’ ਉਨ੍ਹਾਂ ਇੱਕ ਹੋਰ ਪੋਸਟ ਵਿੱਚ ਕਿਹਾ, ‘ਮਿਜ਼ੋਰਮ ਦੇ ਲੋਕ ਤਬਦੀਲੀ ਲਈ ਉਤਸ਼ਾਹਿਤ ਹਨ। ਇਸ ਖੂਬਸੂਰਤ ਰਾਜ ਦੇ ਨਾਲ ਕਾਂਗਰਸ ਪਾਰਟੀ ਦਾ ਇਤਿਹਾਸਕ ਸਬੰਧ ਹੈ। ਸਾਨੂੰ ਭਰੋਸਾ ਹੈ ਕਿ ਮਿਜ਼ੋਰਮ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੇਗਾ ਤੇ ਸਾਨੂੰ ਅਤੀਤ ਦੀ ਤਰ੍ਹਾਂ ਸੇਵਾ ਕਰਨ ਦਾ ਮੌਕਾ ਦੇਵੇਗਾ।’ -ਪੀਟੀਆਈ
ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਕੋਆਰਡੀਨੇਸ਼ਨ ਕਮੇਟੀ ਗਠਿਤ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਚੋਣ ਕੋਆਰਡੀਨੇਸ਼ਨ ਕਮੇਟੀ ਗਠਿਤ ਕੀਤੀ ਹੈ ਜਿਸ ਵਿੱਚ ਪਾਰਟੀ ਦੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਵ੍ਹਿਪ ਮਨੀਕਮ ਟੈਗੋਰ ਵੀ ਸ਼ਾਮਲ ਹਨ। ਟੈਗੋਰ ਤੋਂ ਇਲਾਵਾ ਇਸ ਕਮੇਟੀ ਵਿੱਚ ਪਾਰਟੀ ਆਗੂ ਦੀਪਾ ਦਾਸ ਮੁਨਸ਼ੀ, ਮੀਨਾਕਸ਼ੀ ਨਟਰਾਜਨ ਤੇ ਕੁੰਦਰੂ ਜਨ ਰੈੱਡੀ ਸ਼ਾਮਲ ਹਨ। ਇਸ ਸਬੰਧੀ ਜਾਰੀ ਬਿਆਨ ’ਚ ਪਾਰਟੀ ਨੇ ਕਿਹਾ, ‘ਕਾਂਗਰਸ ਪ੍ਰਧਾਨ ਨੇ ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਚੋਣ ਕੋਆਰਡੀਨੇਸ਼ਨ ਕਮੇਟੀ ਗਠਿਤ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।’ ਪਾਰਟੀ ਨੇ ਕਿਹਾ ਕਿ ਸੰਸਦ ਮੈਂਬਰ ਐੱਮਕੇ ਵਿਸ਼ਨੂ ਪ੍ਰਸਾਦ ਨੂੰ ਤਿਲੰਗਾਨਾ ਦੀ ਚੇਲਵੱਲਾ ਲੋਕ ਸਭਾ ਹਲਕੇ ਤੋਂ ਅਬਜ਼ਰਵਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਮੀਡੀਆ ਸਬੰਧੀ ਤਿਆਰੀਆਂ ਲਈ ਪਵਨ ਖੇੜਾ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਰਾਜਸਥਾਨ ’ਚ 25 ਨਵੰਬਰ ਜਦਕਿ ਤਿਲੰਗਾਨਾ ’ਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ