ਪੀ.ਪੀ. ਵਰਮਾ
ਪੰਚਕੂਲਾ 26, ਅਪਰੈਲ
ਭਾਰਤ ਵਿੱਚ ਪੈਦਾ ਹੋਏ ਆਕਸੀਜਨ ਸੰਕਟ ਕਾਰਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਟਵੀਟ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਕਸੀਜਨ ਦੀ ਸਪਲਾਈ ਸਬੰਧੀ ਪ੍ਰਬੰਧ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਖੱਟਰ ਨੇ ਕਿਹਾ ਕਿ ਹਰਿਆਣਾ ਦਾ ਕੋਈ ਵੀ ਵਿਅਕਤੀ ਆਕਸੀਜਨ ਦੀ ਘਾਟ ਕਾਰਨ ਮਰਨ ਨਹੀਂ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਦੀਪਿੰਦਰ ਹੁੱਡਾ ਨੇ ਕਿਹਾ ਕਿ ਸੂਬੇ ਵਿੱਚ ਬੈੱਡ, ਵੈਂਟੀਲੇਟਰ, ਆਕਸੀਜਨ ਅਤੇ ਕਰੋਨਾ ਸਬੰਧੀ ਹੋਰ ਜ਼ਰੂਰੀ ਸਾਮਾਨ ਪਿੱਛੇ ਵੀ ਮੁਨਾਫਾ ਕਮਾਇਆ ਜਾ ਰਿਹਾ ਹੈ। ਇਸ ਦੀ ਸਰਕਾਰ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਗਰੀਬਾਂ ਦਾ ਬੁਰਾ ਹਾਲ ਹੈ। ਸਰਕਾਰ ਨੂੰ ਇਸ ਮਹਾਮਾਰੀ ਖ਼ਿਲਾਫ਼ ਯੁੱਧ ਪੱਧਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਕਾਲਾ ਬਾਜ਼ਾਰੀ ਰੋਕਣ ਲਈ ਹੈਲਪਲਾਈਨ ਜਾਰੀ
ਕੋਵਿਡ-19 ਦੀ ਮੌਜੂਦਾ ਸਥਿਤੀ ਵਿੱਚ ਆਕਸੀਜਨ ਸਿਲੰਡਰ, ਟੀਕੇ ਅਤੇ ਹੋਰ ਜਾਨ ਬਚਾਉਣ ਵਾਲੀਆਂ ਦਵਾਈਆਂ ਦੀ ਕਾਲਾ ਬਾਜ਼ਾਰੀ ਰੋਕਣ ਲਈ ਹਰਿਆਣਾ ਪੁਲੀਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਹਰਿਆਣਾ ਦੇ ਡਾਇਰੈਕਟਰ ਜਨਰਲ (ਡੀਜੀਪੀ) ਮਨੋਜ ਯਾਦਵ ਨੇ ਅੱਜ ਇਥੇ ਦੱਸਿਆ ਕਿ ਆਕਸੀਜਨ ਸਿਲੰਡਰ ਸਮੇਤ ਹੋਰ ਕਿਸੇ ਵੀ ਕਿਸਮ ਦੀ ਕਾਲਾ ਬਾਜ਼ਾਰੀ ਦੀ ਸ਼ਿਕਾਇਤ ਦੇਣ ਲਈ ਮੋਬਾਈਲ ਨੰਬਰ 70870-89947 ਅਤੇ ਟੌਲ ਫਰੀ ਨੰਬਰ 1800-180-1314 ’ਤੇ ਸੰਪਰਕ ਕੀਤਾ ਜਾ ਸਕਦਾ ਹੈ।