ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰਾਂ ਦਾ ਕਾਰਜਕਾਲ ਦੋ ਤੋਂ ਪੰਜ ਸਾਲ ਤੱਕ ਵਧਾਉਣ ਸਬੰਧੀ ਆਰਡੀਨੈਂਸਾਂ ਨੂੰ ਅੱਜ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਕਾਂਗਰਸ ਆਗੂ ਨੇ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਕਿ ਇਹ ਆਰਡੀਨੈਂਸ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਸੰਸਥਾਵਾਂ ਦੇ ਆਜ਼ਾਦਾਨਾ ਢੰਗ ਨਾਲ ਕੰਮ ਕਰਨ ਲਈ ਸਮੇਂ ਸਮੇਂ ’ਤੇ ਦਿੱਤੇ ਜਾਂਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਸੱਤਾ ਦੀ ਦੁਰਵਰਤੋਂ ਨੂੰ ਸਪੱਸ਼ਟ ਕਰਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਜੇਵਾਲਾ ਨੇ ਸੁਪਰੀਮ ਕੋਰਟ ’ਚ ਦਾਇਰ ਆਪਣੀ ਪਟੀਸ਼ਨ ’ਚ ਕਿਹਾ ਹੈ,
‘ਆਰਡੀਨੈਂਸਾਂ ਦੇ ਸੰਦਰਭ ’ਚ ਲੋਕ ਹਿੱਤ ਨੂੰ ਲੈ ਕੇ ਜੋ ਅਸਪੱਸ਼ਟ ਹਵਾਲਾ ਦਿੱਤਾ ਗਿਆ ਹੈ ਉਸ ਦਾ ਕੋਈ ਆਧਾਰ ਨਹੀਂ ਦੱਸਿਆ ਗਿਆ। ਅਸਲ ਵਿੱਚ ਇਹ ਇਸਤਗਾਸਾ ਧਿਰ ਦੀ ਤਸੱਲੀ ’ਤੇ ਆਧਾਰਿਤ ਹੈ। ਇਸ ਦਾ ਸਬੰਧਤ ਜਾਂਚ ਸੰਸਥਾਵਾਂ ਦੀ ਆਜ਼ਾਦੀ ’ਤੇ ਸਪੱਸ਼ਟ ਤੌਰ ’ਤੇ ਉਲਟ ਅਸਰ ਹੋਵੇਗਾ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸ ਤਰ੍ਹਾਂ ਆਰਜ਼ੀ ਢੰਗ ਨਾਲ ਤੇ ਥੋੜ੍ਹੀ-ਥੋੜ੍ਹੀ ਮਿਆਦ ਲਈ ਸੇਵਾ ’ਚ ਵਾਧਾ ਕਰਨ ਨਾਲ ਜਾਂਚ ਏਜੰਸੀਆਂ ’ਤੇ ਕਾਰਜਪਾਲਿਕਾ ਦੇ ਕੰਟਰੋਲ ਦੀ ਪੁਸ਼ਟੀ ਹੁੰਦੀ ਹੈ ਤੇ ਇਹ ਏਜੰਸੀਆਂ ਦੇ ਆਜ਼ਾਦ ਢੰਗ ਨਾਲ ਕੰਮ ਕਰਨ ਦੇ ਵੀ ਉਲਟ ਹੈ। -ਪੀਟੀਆਈ