ਲਖਨਊ, 5 ਜਨਵਰੀ
ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕਾਂਗਰਸ ਨੇ ਇਸ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਆਪਣੀਆਂ ਚਾਰ ਮੈਰਾਥਨ ਦੌੜਾਂ ਨੂੰ ਰੱਦ ਕਰ ਦਿੱਤਾ ਹੈ। ਇਹੀ ਨਹੀਂ ਪਾਰਟੀ ਨੇ ਅਗਾਮੀ ਯੂਪੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਕੀਤੀਆਂ ਜਾਣ ਵਾਲੀਆਂ ਵੱਡੀ ਰੈਲੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਇਹ ਫੈਸਲਾ ਲੈਣ ਮੌਕੇ ਕਰੋਨਾ ਦੀ ਲਾਗ ਦੇ ਖ਼ੌਫ਼ ਤੋਂ ਇਲਾਵਾ ਬਰੇਲੀ ਵਿੱਚ ਮੈਰਾਥਨ ਦੌਰਾਨ ਭਗਦੜ ਵਾਲੇ ਬਣੇ ਹਾਲਾਤ ਨੂੰ ਵੀ ਵਿਚਾਰਿਆ ਗਿਆ। ਪਾਰਟੀ ਵੱਲੋਂ ਚੋਣ ਪ੍ਰਚਾਰ ਵਜੋਂ ਵਿਉਂਤੀ ਮੈਰਾਥਨ ਦੌਰਾਨ ਤਿੰਨ ਕੁੜੀਆਂ ਜ਼ਖ਼ਮੀ ਹੋ ਗਈਆਂ ਸਨ। ਲਿਹਾਜ਼ਾ ਆਜ਼ਮਗੜ੍ਹ, ਵਾਰਾਨਸੀ, ਗਾਜ਼ੀਆਬਾਦ ਤੇ ਅਲੀਗੜ੍ਹ ਵਿੱਚ ਤਜਵੀਜ਼ਤ ਕੁੜੀਆਂ ਦੀ ਮੈਰਾਥਨ ਦੌੜ ਰੱਦ ਕਰ ਦਿੱਤੀ ਗਈ ਹੈ।
ਕਾਂਗਰਸ ਦੇ ਤਰਜਮਾਨ ਲੱਲਨ ਕੁਮਾਰ ਨੇ ਕਿਹਾ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀਆਂ ਹਦਾਇਤਾਂ ’ਤੇ ਕੋਵਿਡ-19 ਹਾਲਾਤ ਸੁਧਰਨ ਤੱਕ ਵੱਡੀਆਂ ਚੋਣ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਤਰਜਮਾਨ ਅਸ਼ੋਕ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਾਰਟੀ ਨੇ ਅਗਾਮੀ ਚੋਣਾਂ ਲਈ ਲੋਕਾਂ ਨਾਲ ਰਾਬਤਾ ਬਣਾਉਣ ਵਾਸਤੇ ਵੱਡੀਆਂ ਰੈਲੀਆਂ ਦੀ ਥਾਂ ‘ਨੁੱਕੜ ਨਾਟਕ’ ਰਾਹੀਂ ਛੋਟੇ ਇਕੱਠ ਕਰਨ ਅਤੇ ਘਰ ਘਰ ਜਾ ਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਤੇ ਪਾਰਟੀ ਆਗੂ ਅਰਾਧਨਾ ਮਿਸ਼ਰਾ ਨੇ ਅਜੇ ਪਿਛਲੇ ਦਿਨੀਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਲਿਖੇ ਪੱਤਰ ਵਿੱਚ ਸਿਆਸੀ ਪਾਰਟੀਆਂ ਨੂੰ ਛੋਟੇ ਇਕੱਠਾਂ ਲਈ ਹੱਲਾਸ਼ੇਰੀ ਦੇਣ ਦੀ ਗੱਲ ਆਖੀ ਸੀ। -ਪੀਟੀਆਈ
ਚੋਣ ਕਮਿਸ਼ਨ ਸਿਆਸੀ ਰੈਲੀਆਂ ’ਤੇ ਫੌਰੀ ਰੋਕ ਲਾਏ: ਗਹਿਲੋਤ
ਜੈਪੁਰ,:ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਦੇਸ਼ ’ਚ ਕਰੋਨਾ ਕੇਸਾਂ ਦੀ ਗਿਣਤੀ ਵਧਣ ’ਤੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਰੈਲੀਆਂ ’ਤੇ ਤੁਰੰਤ ਰੋਕ ਲਗਾਏ। ਕਾਂਗਰਸ ਆਗੂ ਨੇ ਟਵਿੱਟਰ ’ਤੇ ਲਿਖਿਆ,‘‘ਰੈਲੀਆਂ ਦੀ ਬਜਾਏ ਪ੍ਰਚਾਰ ਦੇ ਹੋਰ ਸਾਧਨਾਂ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਇਹ ਯੁੱਗ ਸੂਚਨਾ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦਾ ਹੈ। ਚੋਣਾਂ ਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ ਹੈ ਪਰ ਕੋਵਿਡ ਦੇ ਫੈਲਾਅ ਕਾਰਨ ਰੈਲੀਆਂ ’ਤੇ ਰੋਕ ਲਗਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਟੀਵੀ ਚੈਨਲਾਂ, ਰੇਡੀਓ ਅਤੇ ਸੰਚਾਰ ਦੇ ਹੋਰ ਸਾਧਨਾਂ ’ਤੇ ਸਿਆਸੀ ਪਾਰਟੀਆਂ ਨੂੰ ਸਮਾਂ ਅਲਾਟ ਕਰੇ ਤਾਂ ਜੋ ਸਾਰਿਆਂ ਨੂੰ ਪ੍ਰਚਾਰ ਲਈ ਬਰਾਬਰੀ ਦਾ ਮੌਕਾ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ ਰੈਲੀਆਂ ਦੀ ਥਾਂ ’ਤੇ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਘਰ-ਘਰ ਜਾ ਕੇ ਪ੍ਰਚਾਰ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ
ਯੋਗੀ ਦੀ ਨੌਇਡਾ ਰੈਲੀ ਵੀ ਰੱਦ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਭਲਕੇ ਨੌਇਡਾ ਵਿੱਚ ਹੋਣ ਵਾਲੀ ਰੈਲੀ ਵੀ ਰੱਦ ਕਰ ਦਿੱਤੀ ਗਈ ਹੈ। ਭਾਵੇਂ ਇਸ ਬਾਰੇ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ ਗਿਆ, ਪਰ ਮੁੱਖ ਮੰਤਰੀ ਨੇੇੜਲੇ ਸੂਤਰਾਂ ਨੇ ਕਿਹਾ ਕਿ ਖਰਾਬ ਮੌਸਮ ਇਸ ਦੀ ਇਕ ਵਜ੍ਹਾ ਹੋ ਸਕਦੀ ਹੈ।