ਨਵੀਂ ਦਿੱਲੀ, 17 ਜੂਨ
ਕਾਂਗਰਸ ਨੇ ਅਗਨੀਪਥ ਯੋਜਨਾ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਇਸ ਯੋਜਨਾ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਨੂੰ ਦੇਸ਼ ਦੇ ਨੌਜਵਾਨਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਕਾਂਗਰਸ ਅਨੁਸਾਰ ਸੈਨਾ ਵਿੱਚ ਭਰਤੀ ਲਈ ਉਮਰ ਸੀਮਾ ਵਿੱਚ ਤਿੰਨ ਸਾਲਾਂ ਦੀ ਛੋਟ ਦਿੱਤੀ ਜਾਵੇ ਅਤੇ ਜ਼ਰੂਰਤ ਪਏ ਤਾਂ ਰੱਖਿਆ ਤੇ ਸੈਨਾ ਨਾਲ ਜੁੜੇ ਮਾਮਲਿਆਂ ਬਾਰੇ ਚਰਚਾ ਲਈ ਸੰਸਦ ਵਿੱਚ ਵਿਸ਼ੇਸ਼ ਸੈਸ਼ਨ ਜਾਂ ਸਰਬ ਪਾਰਟੀ ਬੈਠਕ ਬੁਲਾਈ ਜਾਵੇ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ‘ਅਗਨੀਪਥ ਨੂੰ ਨੌਜਵਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥਸ਼ਾਸਤਰੀਆਂ ਨੇ ਨਕਰਾਰਿਆ, ਜੀਐੱਸਟੀ ਨੂੰ ਵਪਾਰੀਆਂ ਨੇ ਨਕਾਰਿਆ ਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨੇ ਨਕਾਰਿਆ।’ ਉਨ੍ਹਾਂ ਨੇ ਦੋਸ਼ ਲਾਇਆ, ‘ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ, ਇਹ ਗੱਲ ਪ੍ਰਧਾਨ ਮੰਤਰੀ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਮਿੱਤਰਾਂ ਦੀ ਆਵਾਜ਼ ਤੋਂ ਇਲਾਵਾ ਕੁਝ ਸੁਣਾਈ ਨਹੀਂ ਦਿੰਦਾ।’ ਇਸੇ ਦੌਰਾਨ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ‘24 ਘੰਟੇ ਵੀ ਨਹੀਂ ਬੀਤੇ ਕਿ ਭਾਜਪਾ ਸਰਕਾਰ ਨੂੰ ਨਵੀਂ ਸੈਨਾ ਭਰਤੀ ਲਈ ਨਿਯਮ ਬਦਲਣਾ ਪਿਆ। ਮਤਲਬ, ਯੋਜਨਾ ਜਲਦਬਾਜ਼ੀ ਵਿੱਚ ਨੌਜਵਾਨਾਂ ’ਤੇ ਥੋਪੀ ਜਾ ਰਹੀ ਹੈ।’ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਅਗਨੀਪਥ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਯੋਜਨਾ ਫੌਜ ਦੇ ਹਿੱਤ ਵਿੱਚ ਨਹੀਂ ਹੈ। ਮੋਦੀ ਸਰਕਾਰ ਨੂੰ ਹੋਰਨਾਂ ਦੇਸ਼ਾਂ ਦੀ ਨਕਲ ਕਰਨ ਦੀ ਆਦਤ ਹੋ ਗਈ ਹੈ। ਉਹ ਸੈਨਾ ਤੇ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸੈਨਾ ਵਿੱਚ ਦੋ ਲੱਖ ਤੋਂ ਵਧ ਅਸਾਮੀਆਂ ਖਾਲੀ ਪਈਆਂ ਹਨ ਤੇ ਭਰਤੀ ਪ੍ਰਕਿਰਿਆ ਤੁਰੰਤ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਸਰਕਾਰ ਦੇਸ਼ ਦੇ ਨੌਜਵਾਨਾਂ ਤੋਂ ਮੁਆਫੀ ਮੰਗੇ। -ਪੀਟੀਆਈ