ਨਵੀਂ ਦਿੱਲੀ, 20 ਸਤੰਬਰ
ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇ ਦਲਿਤਾਂ ਦੀਆਂ ਵੋਟਾਂ ਹਥਿਆਉਣ ਲਈ ਚਰਨਜੀਤ ਸਿੰਘ ਚੰਨੀ ਨੂੰ ਕੁਝ ਮਹੀਨਿਆਂ ਲਈ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਭਾਜਪਾ ਨੇ ਇਸ ਸਬੰਧੀ ਕੁਝ ਪੁਰਾਣੀਆਂ ਉਦਹਾਰਨਾਂ ਵੀ ਦਿੱਤੀਆਂ ਜਿਨ੍ਹਾਂ ਤਹਿਤ ਇਕ ਦਲਿਤ ਆਗੂ ਨੂੰ ਕੁਝ ਸਮੇਂ ਲਈ ਅਹਿਮ ਅਹੁਦਾ ਦਿੱਤਾ ਗਿਆ ਸੀ। ਭਾਜਪਾ ਨੇ ਆਪਣੇ ਦਲਿਤ ਆਗੂਆਂ ਨੂੰ ਮੂਹਰੇ ਕਰਦਿਆਂ ਵਿਰੋਧੀ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ ਵਿਚ ਦਮ ਹੈ ਤਾਂ ਉਹ ਲੋਕਾਂ ਨਾਲ ਵਾਅਦਾ ਕਰੇ ਕਿ ਚੰਨੀ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਪਾਰਟੀ ਦਾ ਚਿਹਰਾ ਹੋਵੇਗਾ। ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਜੋ ਕਿ ਇਸ ਵੇਲੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ, ਨੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਦੇ ਬਿਆਨ ਦੀ ਆਲੋਚਨਾ ਵੀ ਕੀਤੀ ਜਿਸ ਵਿਚ ਸ੍ਰੀ ਰਾਵਤ ਨੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। -ਪੀਟੀਆਈ