ਨਵੀਂ ਦਿੱਲੀ: ਨਿੱਜੀ ਡੇਟਾ ਸੁਰੱਖਿਆ ਸਬੰਧੀ ਸੰਸਦ ਦੀ ਸਾਂਝੀ ਕਮੇਟੀ ਵੱਲੋਂ ਇੱਥੇ ਇਕ ਮੀਟਿੰਗ ਦੌਰਾਨ ਰਿਪੋਰਟ ਨੂੰ ਅਪਣਾਏ ਜਾਣ ਤੋਂ ਬਾਅਦ ਕਾਂਗਰਸ, ਬੀਜੇਡੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਸਾਂਝੀ ਕਮੇਟੀ ਨੂੰ ਅਸਹਿਮਤੀ ਨੋਟ ਸੌਂਪੇ।ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਬਿੱਲ ਸਬੰਧੀ ਉਨ੍ਹਾਂ ਦੇ ਮਸ਼ਵਰੇ ਨਹੀਂ ਮੰਨੇ ਗਏ ਜਿਸ ਕਰ ਕੇ ਉਨ੍ਹਾਂ ਨੂੰ ਵਿਸਥਾਰ ਵਿਚ ਇਕ ਅਸਹਿਮਤੀ ਨੋਟ ਦੇਣਾ ਪਿਆ। ਟੀਐੱਮਸੀ ਦੇ ਸੰਸਦ ਮੈਂਬਰਾਂ ਡੈਰੇਕ ਓ’ਬਰਾਇਨ ਅਤੇ ਮਹੂਆ ਮੋਇਤਰਾ ਨੇ ਵੀ ਇਕ ਅਸਹਿਮਤੀ ਨੋਟ ਸੌਂਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਬਿੱਲ ਵਿਚ ਡੇਟਾ ਦੀ ਨਿੱਜਤਾ ਦੇ ਅਧਿਕਾਰ ਦੀ ਰੱਖਿਆ ਸਬੰਧੀ ਢੁਕਵੇਂ ਸੁਰੱਖਿਆ ਉਪਾਅ ਦੀ ਘਾਟ ਹੈ। ਅਸਹਿਮਤੀ ਨੋਟ ਦੇਣ ਵਾਲੇ ਹੋਰ ਕਾਂਗਰਸੀ ਸੰਸਦ ਮੈਂਬਰਾਂ ਵਿਚ ਮਨੀਸ਼ ਤਿਵਾੜੀ, ਗੌਰਵ ਗੋਗੋਈ ਅਤੇ ਵਿਵੇਕ ਤਨਖਾ ਤੋਂ ਇਲਾਵਾ ਬੀਜੇਡੀ ਦੇ ਅਮਰ ਪਟਨਾਇਕ ਵੀ ਸ਼ਾਮਲ ਸਨ। ਨਿੱਜੀ ਡੇਟਾ ਸੁਰੱਖਿਆ ਬਿੱਲ-2019 ਨੂੰ ਪੜਤਾਲ ਲਈ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜਿਆ ਗਿਆ ਸੀ। ਇਸ ਕਮੇਟੀ ਦੀ ਰਿਪੋਰਟ ਵਿਚ ਦੇਰੀ ਹੋਈ ਕਿਉਂਕਿ ਇਸ ਕਮੇਟੀ ਦੀ ਸਾਬਕਾ ਚੇਅਰਪਰਸਨ ਮੀਨਾਕਸ਼ੀ ਲੇਖੀ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ ਸੀ। -ਪੀਟੀਆਈ