ਨਵੀਂ ਦਿੱਲੀ: ਅਮਰੀਕਾ ਦੇ ਇਕ ਰੋਜ਼ਾਨਾ ਅਖ਼ਬਾਰ ਵਿੱਚ ਛਪੀ ਖ਼ਬਰ ਕਿ ਭੜਕਾਊ ਤਕਰੀਰਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਜਪਾ ਆਗੂਆਂ ਖਿਲਾਫ਼ ਫੇਸਬੁੱਕ ਜਾਣਬੁੱਝ ਕੇ ਕੋਈ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ, ਦੇ ਸਬੰਧ ਵਿੱਚ ਸੀਪੀਆਈ (ਐੱਮ) ਨੇ ਇਕ ਸਾਂਝੀ ਸੰਸਦੀ ਕਮੇਟੀ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੀਪੀਆਈ (ਐੱਮ) ਨੇ ਕਿਹਾ ਕਿ ਇਹ ਮਾਮਲਾ ਕਾਬਜ਼ ਧਿਰ ਦੇ ਇਸ ਮੋਹਰੀ ਸੋਸ਼ਲ ਮੀਡੀਆ ਪਲੇਟਫਾਰਮ ’ਚ ਨਿਵੇਸ਼ ਬਾਰੇ ਸਵਾਲ ਖੜ੍ਹੇ ਕਰਦਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਤੇ ਫੇਸਬੁੱਕ ਵਿਚਾਲੇ ਜ਼ਰੂਰ ਕੋਈ ਗੱਠਜੋੜ ਹੈ। ਪਾਰਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਸੀਪੀਆਈ (ਐੱਮ) ਦੀ ਪੋਲਿਟ ਬਿਊਰੋ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਭੂਮਿਕਾ ਦੀ ਸਖ਼ਤ ਆਲੋਚਨਾ ਕਰਦੀ ਹੈ। ਫੇਸਬੁੱਕ ਦੀ ਭਾਰਤੀ ਇਕਾਈ ਦੇ ਕੰਮਕਾਜ ਦੇ ਤਰੀਕੇ ਨੂੰ ਵਾਲ ਸਟ੍ਰੀਟ ਜਰਨਲ ’ਚ ਜੱਗ ਜ਼ਾਹਿਰ ਕੀਤਾ ਗਿਆ ਹੈ। ਭੜਕਾਊ ਤਕਰੀਰਾਂ ਖ਼ਿਲਾਫ਼ ਬਣਾਈਆਂ ਨੀਤੀਆਂ ਦਾ ਪਾਲਣ ਖ਼ੁਦ ਫੇਸਬੁੱਕ ਨਹੀਂ ਕਰ ਰਿਹਾ ਹੈ।’’ ਫੇਸਬੁੱਕ-ਵੱਟਸਐਪ-ਇੰਸਟਾਗ੍ਰਾਮ ਤੇ ਭਾਜਪਾ ਦੀ ਕਥਿਤ ਗੱਠਜੋੜ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਦੀ ਮੰਗ ਕੀਤੀ। ਉੱਧਰ, ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਨਫ਼ਰਤੀ ਤਕਰੀਰਾਂ ਖ਼ਿਲਾਫ਼ ਫੇਸਬੁੱਕ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਭਾਰਤ ਵਿਚ ਲੋਕਤੰਤਰ ਅਸਥਿਰ ਹੋ ਗਿਆ ਹੈ। ਕਾਂਗਰਸ ਨੇ ਵੀ ਅੱਜ ਇਸ ਮਾਮਲੇ ਦੀ ਜਾਂਚ ਇਕ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ।
ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਦੀ ਬੁਲਾਰਾ ਸੁਪਰੀਆ ਸ਼੍ਰੀਨੇਤ ਨੇ ਕਿਹਾ ਕਿ ਭਾਰਤ ਦੁਨੀਆ ਭਰ ’ਚੋਂ ਸਭ ਤੋਂ ਸਫ਼ਲ ਲੋਕਤੰਤਰ ਹੈ ਅਤੇ ਨਫ਼ਰਤੀ ਤਕਰੀਰਾਂ ਨਾਲ ਇਸ ਨੂੰ ਕਮਜ਼ੋਰ ਕਰਨ ਵਾਲੇ ਕਿਸੇ ਵੀ ਸ਼ਖ਼ਸ ਜਾਂ ਕਿਸੇ ਪਲੇਟਫਾਰਮ ਨੂੰ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦਾਅਵਾ ਕੀਤਾ ਕਿ ਫੇਸਬੁੱਕ ਦੇ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਨਿਯਮ ਹਨ ਜੋ ਬਰਦਾਸ਼ਤਯੋਗ ਨਹੀਂ। ਉੱਧਰ, ਸੂਚਨਾ ਤਕਨਾਲੋਜੀ ਸਬੰਧੀ ਸੰਸਦੀ ਸਟੈਂਡਿੰਗ ਕਮੇਟੀ ਦੇ ਮੁੱਖੀ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਪੈਨਲ ਵੱਲੋਂ ਵਾਲ ਸਟ੍ਰੀਟ ’ਚ ਛਪੀ ਖ਼ਬਰ ਸਬੰਧੀ ਫੇਸਬੁੱਕ ਦਾ ਪੱਖ ਸੁਣਿਆ ਜਾਵੇਗਾ।
-ਪੀਟੀਆਈ