ਨਵੀਂ ਦਿੱਲੀ/ਹਾਵੜਾ, 31 ਜੁਲਾਈ
ਕਾਂਗਰਸ ਨੇ ਝਾਰਖੰਡ ਦੇ ਉਨ੍ਹਾਂ ਤਿੰਨ ਵਿਧਾਇਕਾਂ ਨੂੰ ਅੱਜ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ ਨੂੰ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਕਥਿਤ ਤੌਰ ਵਾਹਨ ’ਚ ਭਾਰੀ ਨਕਦੀ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਰਟੀ ਨੇ ਨਾਲ ਹੀ ਭਾਜਪਾ ’ਤੇ ਉਸ ਦੀ ਗੱਠਜੋੜ ਸਰਕਾਰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ ਹੈ। ਕਾਂਗਰਸ ਨੇ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠਲੀ ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਤੇ ਸਥਿਰ ਹੈ। ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਝਾਰਖੰਡ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨਾਂ ਵਿਧਾਇਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪੁਲੀਸ ਨੇ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਹਾਵੜਾ ’ਚ ਇੱਕ ਐੱਸਯੂਵੀ ਰੋਕੀ ਸੀ ਜਿਸ ਵਿੱਚ ਹਾਵੜਾ ਦੇ ਰਾਨੀਹਾਟੀ ਤੋਂ ਕਾਂਗਰਸ ਵਿਧਾਇਕ ਇਰਫ਼ਾਨ ਅੰਸਾਰੀ, ਰਾਜੇਸ਼ ਕੱਚਪ ਤੇ ਨਮਨ ਵਿਕਸਲ ਕੌਂਗਾਰੀ ਕੌਮੀ ਮਾਰਗ-16 ਤੋਂ ਲੰਘੇ ਰਹੇ ਸਨ ਤੇ ਵਾਹਨ ’ਚੋਂ ਕਥਿਤ ਤੌਰ ’ਤੇ ਭਾਰੀ ਮਾਤਰਾ ’ਚ ਨਕਦੀ ਮਿਲੀ ਸੀ। ਅੱਜ ਸੀਆਈਡੀ ਨੇ ਕੇਸ ਆਪਣੇ ਹੱਥ ’ਚ ਲੈਂਦਿਆਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ 10 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪਾਂਡੇ ਨੇ ਕਿਹਾ ਕਿ ਤਿੰਨੇ ਵਿਧਾਇਕ ਕਥਿਤ ਤੌਰ ’ਤੇ ਪਾਰਟੀ ਵਿਧਾਇਕ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਸਨ ਤੇ ਹੋਰ ਵਿਧਾਇਕਾਂ ਨੂੰ ਗੁਮਰਾਹ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਸਾਜ਼ਿਸ਼ ’ਚ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਹੈ ਤੇ ਸਮਾਂ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦੋਸ਼ ਲਾਇਆ ਸਰਕਾਰੀ ਏਜੰਸੀਆਂ ਆਪਣਾ ਕੰਮ ਕਰਨ ਦੀ ਥਾਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਭਾਜਪਾ ਦੀ ਬ੍ਰਾਂਚ ਵਜੋਂ ਕੰਮ ਕਰ ਰਹੀਆਂ ਹਨ। -ਪੀਟੀਆਈ
ਜਿਹੜੀ ਪਾਰਟੀ ਦੀ ਪ੍ਰਧਾਨ ਖੁ਼ਦ ਜ਼ਮਾਨਤ ’ਤੇ ਹੋਵੇ, ਉਸ ਦੇ ਵਿਧਾਇਕ ਇਮਾਨਦਾਰ ਕਿਵੇਂ ਹੋ ਸਕਦੇ ਨੇ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਨਗ਼ਦੀ ਸਣੇ ਕਾਬੂ ਕੀਤੇ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦਾ ਪੁੱਤ ਰਾਹੁਲ ਗਾਂਧੀ ‘ਜ਼ਮਾਨਤ ’ਤੇ ਬਾਹਰ ਆਏ ਮੁਲਜ਼ਮ’ ਹੋਣ, ਉਨ੍ਹਾਂ ਦੇ ਵਿਧਾਇਕਾਂ ਤੋਂ ਇਮਾਨਦਾਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਭਾਜਪਾ ਦੇ ਜਨਰਲ ਸਕੱਤਰ ਸੀ.ਟੀ.ਰਵੀ ਨੇ ਕਿਹਾ, ‘‘ਕੀ ਉਹ (ਗ੍ਰਿਫ਼ਤਾਰ ਕੀਤੇ ਕਾਂਗਰਸੀ ਵਿਧਾਇਕ) ਦੇਸ਼ ਨੂੰ ਲੁੱਟਣ ਲਈ ਆਪਣੇ ਆਕਾਵਾਂ ਦੇ ਨਕਸ਼ੇਕਦਮਾਂ ’ਤੇ ਨਹੀਂ ਚੱਲਣਗੇ।’’ -ਆਈਏਐੱਨਐੱਸ
ਕਾਂਗਰਸ ਨੇ ਤਿੰਨੇ ਵਿਧਾਇਕਾਂ ਖ਼ਿਲਾਫ਼ ਪੁਲੀਸ ਨੂੰ ਦਿੱਤੀ ਸ਼ਿਕਾਇਤ
ਰਾਂਚੀ: ਕਾਂਗਰਸ ਨੇ ਕਿਹਾ ਕਿ ਉਸ ਨੇ ਹਾਵੜਾ ’ਚ ਗ੍ਰਿਫ਼ਤਾਰ ਕੀਤੇ ਗਏ ਆਪਣੇ ਤਿੰਨੇ ਵਿਧਾਇਕਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਦੇ ਮੰਤਰੀ ਆਲਮਗੀਰ ਆਲਮ ਨੇ ਦੱਸਿਆ ਕਿ ਬਰਮੋ ਤੋਂ ਪਾਰਟੀ ਵਿਧਾਇਕ ਕੁਮਾਰ ਜੈਮੰਗਲ ਨੇ ਰਾਂਚੀ ਦੇ ਅਰਗੋਰਾ ਥਾਣੇ ’ਚ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਇਹ ਤਿੰਨੇ ਵਿਧਾਇਕ ਪਾਰਟੀ ਦੇ ਹੋਰਨਾਂ ਵਿਧਾਇਕਾਂ ਨੂੰ 10-10 ਕਰੋੜ ਰੁਪਏ ਤੇ ਮੰਤਰੀ ਦਾ ਅਹੁਦਾ ਦੇਣ ਦਾ ਲਾਲਚ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਸੂਬੇ ’ਚ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ। -ਪੀਟੀਆਈ