ਲਖਨਊ, 24 ਜਨਵਰੀ
ਕਾਂਗਰਸ ਨੇ ਅੱਜ ਸੱਤਾਧਾਰੀ ਭਾਜਪਾ ਆਗੂਆਂ ’ਤੇ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਪੁੱਛਿਆ ਕਿ ਕੀ ਚੋਣ ਕਮਿਸ਼ਨ ਦਬਾਅ ਹੇਠ ਹੈ?
ਯੂਪੀ ਕਾਂਗਰਸ ਦੇ ਮੀਡੀਆ ਸੈੱਲ ਦੇ ਮੁਖੀ ਨਸੀਮੂਦੀਨ ਸਿੱਦੀਕੀ ਨੇ ਦਾਅਵਾ ਕੀਤਾ ਕਿ ਬਹਿਰਾਈਚ ਵਿੱਚ ਜਿੱਥੇ ਉਨ੍ਹਾਂ ਦੀ ਪਾਰਟੀ ਨੂੰ ਚੋਣ ਜ਼ਾਬਤੇ ਕਾਰਨ ਸਮਾਗਮ ਲਈ ਇਜਾਜ਼ਤ ਨਹੀਂ ਦਿੱਤੀ ਗਈ ਸੀ, ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਿਸ ਦੌਰਾਨ ਵੱਡੀ ਗਿਣਤੀ ’ਚ ਲੋਕ ਵੀ ਮੌਜੂਦ ਸਨ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕਿਹਾ,‘ਪ੍ਰਸ਼ਾਸਨ ਦਬਾਅ ਹੇਠ ਜਾਪਦਾ ਹੈ ਪਰ ਕੀ ਚੋਣ ਕਮਿਸ਼ਨ ਵੀ ਦਬਾਅ ਹੇਠ ਹੈ?’ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਗੇ। -ਪੀਟੀਆਈ