ਨਵੀਂ ਦਿੱਲੀ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏ) ਦੀ ਮਿਆਦ ਨਵੰਬਰ ਦੇ ਅਖੀਰ ਤੱਕ ਵਧਾ ਦਿੱਤੀ ਹੈ। ਇਸ ਯੋਜਨਾ ਤਹਿਤ 80 ਕਰੋੜ ਗਰੀਬਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ। ਰਾਸ਼ਟਰ ਨੂੰ ਟੈਲੀਵਿਜ਼ਨ ਰਾਹੀਂ ਸੰਬੋਧਨ ਵਿਚ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ “ਇਕ ਰਾਸ਼ਟਰ, ਇਕ ਰਾਸ਼ਨ ਕਾਰਡ” ਪਹਿਲਕਦਮੀ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਮੁਫ਼ਤ ਰਾਸ਼ਨ ਉਪਰ ਸਰਕਾਰ ਵੱਲੋਂ 90,000 ਕਰੋੜ ਰੁਪਏ ਹੋਰ ਖਰਚੇ ਜਾਣਗੇ। ਇਸ ਯੋਜਨਾ ਤਹਿਤ ਗਰੀਬਾਂ ਨੂੰ ਪੰਜ ਕਿੱਲੋ ਕਣਕ ਜਾਂ ਚੌਲ ਅਤੇ ਇਕ ਕਿਲੋ ਦਾਲ ਮੁਫਤ ਦਿੱਤੀ ਜਾਵੇਗੀ। ਇਹ ਸਕੀਮ ਤਿੰਨ ਮਹੀਨਿਆਂ ਲਈ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਤਾਲਬੰਦੀ ਤੇ ਹੋਰ ਫ਼ੈਸਲਿਆਂ ਨਾਲ ਦੇਸ਼ ਵਿੱਚ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕੀਆਂ ਹਨ ਪਰ ਦੁਖ ਦੀ ਗੱਲ ਹੈ ਕਿ ਜਦੋਂ ਤੋਂ ਤਾਲਾਬੰਦੀ ਖਤਮ ਕਰਨ ਦਾ ਪਹਿਲਾਂ ਗੇੜ ਸ਼ੁਰੂ ਕੀਤਾ ਗਿਆ ਹੈ ਲੋਕ ਲਾਪ੍ਰਵਾਹੀ ਤੇ ਆਪਹੁਦੀਆਂ ਕਰ ਰਹੇ ਹਨ।