ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਅਗਸਤ
ਭਾਜਪਾ ਦੇ ਕਥਿਤ ‘ਅਪਰੇਸ਼ਨ ਕਮਲ’ ਦੀ ਜਾਂਚ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਦੇ ਇਕ ਵਫ਼ਦ ਨੇ ਅੱਜ ਇਥੇ ਸੀਬੀਆਈ ਦੇ ਹੈੱਡਕੁਆਰਟਰ ਬਾਹਰ ਧਰਨਾ ਦਿੱਤਾ। ਸੀਬੀਆਈ ਡਾਇਰੈਕਟਰ ਨਾਲ ਮੁਲਾਕਾਤ ਦਾ ਸਮਾਂ ਨਾ ਮਿਲਣ ’ਤੇ ‘ਆਪ’ ਆਗੂ ਧਰਨੇ ’ਤੇ ਬੈਠ ਗਏ। ਇਸ ਤੋਂ ਪਹਿਲਾਂ ‘ਆਪ’ ਨੇ ਕਿਹਾ ਸੀ ਕਿ ਉਹ ਸੀਬੀਆਈ ਡਾਇਰੈਕਟਰ ਸੁਬੋਧ ਕੁਮਾਰ ਜੈਸਵਾਲ ਨਾਲ ਮਿਲ ਕੇ ਭਗਵਾ ਪਾਰਟੀ ਵੱਲੋਂ ਵੱਖ ਵੱਖ ਸੂਬਿਆਂ ’ਚ ‘ਅਪਰੇਸ਼ਨ ਕਮਲ’ ਤਹਿਤ ਵਿਧਾਇਕਾਂ ਨੂੰ ਖ਼ਰੀਦ ਕੇ ਗੈਰ-ਭਾਜਪਾ ਸਰਕਾਰਾਂ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰਾਉਣ ਦੀ ਮੰਗ ਕਰਨਗੇ। ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਨੋਟਬੰਦੀ ਦੌਰਾਨ ਉਪ ਰਾਜਪਾਲ ਵੀ ਕੇ ਸਕਸੈਨਾ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਵੀ ਉਹ ਸੀਬੀਆਈ ਤੋਂ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਪ ਰਾਜਪਾਲ ਸਹੀ ਹਨ ਤਾਂ ਉਹ ਸੀਬੀਆਈ ਜਾਂਚ ਤੋਂ ਕਿਉਂ ਭੱਜ ਰਹੇ ਹਨ।
‘ਆਪ’ ਵਿਧਾਇਕਾਂ ਦਾ 10 ਮੈਂਬਰੀ ਵਫ਼ਦ ਦੁਪਹਿਰ ਬਾਅਦ 3 ਵਜੇ ਜਦੋਂ ਸੀਬੀਆਈ ਹੈੱਡਕੁਆਰਟਰ ’ਤੇ ਡਾਇਰੈਕਟਰ ਨੂੰ ਮਿਲਣ ਲਈ ਪਹੁੰਚਿਆ ਤਾਂ ਉਨ੍ਹਾਂ ਦੀ ਬੇਨਤੀ ਦਾ ਦਫ਼ਤਰ ਨੇ ਕੋਈ ਹੁੰਗਾਰਾ ਨਾ ਭਰਿਆ। ਸੀਬੀਆਈ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ’ਚ ਸ਼ਾਮਲ ਹੋਏ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਡਾਇਰੈਕਟਰ ਵੱਲੋਂ ਮੀਟਿੰਗ ਲਈ ਸਮਾਂ ਨਾ ਦੇਣ ਤੋਂ ਸਾਬਿਤ ਹੁੰਦਾ ਹੈ ਕਿ ਸੀਬੀਆਈ ਭਾਜਪਾ ਦੀ ਸ਼ਹਿ ’ਤੇ ਕੰਮ ਕਰ ਰਹੀ ਹੈ। ਮੈਂ ਵੀ ਸੀਬੀਆਈ ਡਾਇਰੈਕਟਰ ਨਾਲ ਮੁਲਾਕਾਤ ਦੀ ਬੇਨਤੀ ਭੇਜੀ ਸੀ ਪਰ ਮੈਨੂੰ ਵੀ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।’’ ‘ਆਪ’ ਵਿਧਾਇਕਾਂ ਨੂੰ ਏਜੰਸੀ ਦੇ ਡਾਇਰੈਕਟਰ ਨਾਲ ਮਿਲਾਉਣ ਤੋਂ ਸੀਬੀਆਈ ਦੇ ਇਨਕਾਰ ਨੂੰ ਮੰਦਭਾਗਾ ਕਰਾਰ ਦਿੰਦਿਆਂ ਸੰਜੈ ਸਿੰਘ ਨੇ ਕਿਹਾ ਕਿ ਲੋਕ ਜਦੋਂ ਸਾਧਾਰਨ ਜਿਹੇ ਪੁਲੀਸ ਸਟੇਸ਼ਨ ’ਚ ਵੀ ਜਾਂਦੇ ਹਨ ਤਾਂ ਉਥੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ ਪਰ ਇਥੇ ਦਿੱਲੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿੱਲੀ ’ਚ ਭਾਜਪਾ ਦੇ ਅਪਰੇਸ਼ਨ ਕਮਲ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਲਈ ਇਕ ਘੰਟੇ ਤੱਕ ਸੀਬੀਆਈ ਦੇ ਹੈੱਡਕੁਆਰਟਰ ਬਾਹਰ ਖੜ੍ਹਾ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਸੀਬੀਆਈ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਪਰੇਸ਼ਨ ਕਮਲ ਤਹਿਤ ਵਿਧਾਇਕਾਂ ਨੂੰ ਖ਼ਰੀਦਣ ਲਈ ਭਾਜਪਾ ਕੋਲ ਪੈਸਾ ਕਿਥੋਂ ਆਇਆ। ਵਫ਼ਦ ’ਚ ਸ਼ਾਮਲ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਜੈਸਵਾਲ ਦੇ ਦਫ਼ਤਰ ਨੂੰ ਈ-ਮੇਲ ਭੇਜ ਕੇ ਮਿਲਣ ਦਾ ਸਮਾਂ ਮੰਗਿਆ ਸੀ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
‘ਆਪ’ ਵਿਧਾਇਕਾਂ ਦਾ ਲਾਈ ਡਿਟੈਕਟਰ ਟੈਸਟ ਹੋਵੇ: ਭਾਜਪਾ
ਨਵੀਂ ਦਿੱਲੀ: ‘ਆਪ’ ਦੇ ਵਿਧਾਇਕਾਂ ਵੱਲੋਂ ਭਾਜਪਾ ’ਤੇ ਪੈਸਿਆਂ ਦੀ ਪੇਸ਼ਕਸ਼ ਕਰਨ ਦੇ ਲਾਏ ਗਏ ਦੋਸ਼ਾਂ ਮਗਰੋਂ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ‘ਆਪ’ ਵਿਧਾਇਕਾਂ ਦੀ ਝੂਠ ਫੜਨ ਵਾਲੀ ਮਸ਼ੀਨ (ਲਾਈ ਡਿਟੈਕਟਰ ਟੈਸਟ) ਰਾਹੀਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਸੱਚ ਬੋਲ ਰਹੇ ਹਨ ਜਾਂ ਡਰਾਮਾ ਕਰ ਰਹੇ ਹਨ। ਭਾਜਪਾ ਦੇ ਸੰਸਦ ਮੈਂਬਰਾਂ ਦਿੱਲੀ ਦੇ ਉਪ ਰਾਜਪਾਲ ਨੂੰ ਵੀ ਪੱਤਰ ਲਿਖਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਕਿ ‘ਆਪ’ ਵਿਧਾਇਕਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇ। ਇਥੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਚਾਰ ਸੰਸਦ ਮੈਂਬਰ ਮਨੋਜ ਤਿਵਾੜੀ, ਰਮੇਸ਼ ਬਿਧੂੜੀ, ਹੰਸ ਰਾਜ ਹੰਸ ਅਤੇ ਪ੍ਰਵੇਸ਼ ਵਰਮਾ ਹਾਜ਼ਰ ਸਨ। ਤਿਵਾੜੀ ਨੇ ਕਿਹਾ ਕਿ 20-20 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਵਾਲਿਆਂ ਦੇ ਨਾਵਾਂ ਦਾ ‘ਆਪ’ ਨੂੰ ਖੁਲਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਵਿਧਾਇਕ ਖਰੀਦਣ ਦੀ ਪੇਸ਼ਕਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਨ ਦੀ ਮੰਗ ਵੀ ਕੀਤੀ। ਉਧਰ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਸੀਬੀਆਈ ਨੇ ਅਜੇ ਤੱਕ ਆਪਣੀ ਰਿਪੋਰਟ ਨਹੀਂ ਦਿੱਤੀ ਹੈ ਅਤੇ ਇਸ ਤੋਂ ਪਹਿਲਾਂ ਹੀ ਮਨੀਸ਼ ਸਿਸੋਦੀਆ ਨੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਉਪ ਰਾਜਪਾਲ ‘ਆਪ’ ਆਗੂਆਂ ਖ਼ਿਲਾਫ਼ ਕਰਨਗੇ ਕਾਨੂੰਨੀ ਕਾਰਵਾਈ
ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਆਪ’ ਵਿਧਾਇਕਾਂ ਸੌਰਭ ਭਾਰਦਵਾਜ, ਆਤਿਸ਼ੀ, ਦੁਰਗੇਸ਼ ਪਾਠਕ ਅਤੇ ਜੈਸਮੀਨ ਸ਼ਾਹ ਸਮੇਤ ਹੋਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਲਈ ਕਾਨੂੰਨੀ ਕਾਰਵਾਈ ਕਰਨਗੇ। ਐੱਲਜੀ ਸਕੱਤਰੇਤ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਦੋਸ਼ ਲਾਏ ਗਏ ਸਨ ਕਿ ਸ੍ਰੀ ਸਕਸੈਨਾ ਜਦੋਂ ਕੇਵੀਆਈਸੀ ਦੇ ਚੇਅਰਮੈਨ ਸਨ ਤਾਂ ਉਨ੍ਹਾਂ 2016 ਨੋਟਬੰਦੀ ਦੌਰਾਨ ਆਪਣੇ ਕਰਮਚਾਰੀਆਂ ਉੱਤੇ 1,400 ਕਰੋੜ ਰੁਪਏ ਦੇ ਨੋਟ ਬਦਲਣ ਲਈ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਇਹ ਝੂਠੇ ਅਤੇ ਕਿਸੇ ਨੂੰ ਬਦਨਾਮ ਕਰਨ ਵਾਲੇ ਦੋਸ਼ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ ਸੀ ਅਤੇ ਜਾਂਚ ਏਜੰਸੀ ਨੇ ਕੇਵੀਆਈਸੀ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪਹਿਲਾਂ ਹੀ ਦਾਖ਼ਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ’ਚ ਪੈਂਡਿੰਗ ਪਿਆ ਹੈ।
ਦਿੱਲੀ ਵਿਧਾਨ ਸਭਾ ’ਚ ਵੀ ਅਪਰੇਸ਼ਨ ਕਮਲ ਦੀ ਜਾਂਚ ਦਾ ਮੁੱਦਾ ਉੱਠਿਆ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਸੱਤਾਧਾਰੀ ‘ਆਪ’ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਸਦਨ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੁਤਲਾ ਸਾੜਿਆ। ਸਦਨ ਦੀ ਕਾਰਵਾਈ ਅੱਜ ਜਿਵੇਂ ਹੀ ਸ਼ੁਰੂ ਹੋਈ ਤਾਂ ਭਰੋਸੇ ਦੇ ਵੋਟ ਸਬੰਧੀ ਪੇਸ਼ ਮਤੇ ਉਪਰ ਚਰਚਾ ਦੌਰਾਨ ‘ਆਪ’ ਵਿਧਾਇਕਾਂ ਨੇ ‘ਅਪਰੇਸ਼ਨ ਕਮਲ’ ਦੀ ਸੀਬੀਆਈ ਜਾਂਚ ਦੀ ਮੰਗ ਸ਼ੁਰੂ ਕਰ ਦਿੱਤੀ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਡਿਪਟੀ ਸਪੀਕਰ ਰਾਖੀ ਬਿਰਲਾ ਦਾ ਆਪਣੇ ਮਤੇ ਵੱਲ ਧਿਆਨ ਦਿਵਾਇਆ। ਇਸੇ ਦੌਰਾਨ ਆਤਿਸ਼ੀ ਨੇ ‘ਆਪਰੇਸ਼ਨ ਲੋਟਸ’ ਦਾ ਮੁੱਦਾ ਉਠਾਇਆ ਜਿਸ ਕਰਕੇ ਦੋਨਾਂ ਧਿਰਾਂ ਦਰਮਿਆਨ ਨਾਅਰੇਬਾਜ਼ੀ ਸ਼ੁਰੂ ਹੋ ਗਈ। ਵਿਧਾਇਕ ਸ਼ਾਂਤ ਨਾ ਹੋਏ ਤਾਂ ਸਦਨ ਸਾਢੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।