ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਨਵੰਬਰ
ਇਥੇ ਸਥਾਨਕ ਹੋਟਲ ਵਿੱਚ ਅੱਜ ਉਦਯੋਗ, ਵਿੱਤੀ ਸੰਸਥਾਵਾਂ, ਬੈਂਕਾਂ, ਐੱਮਐੱਸਐੱਮਈ‘ਜ਼ ਅਤੇ ਉਪਕਰਨ ਨਿਰਮਾਤਾਵਾਂ ਦੇ ਨਾਲ ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ ਵਿਸ਼ੇ ’ਤੇ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਉਦੇਸ਼ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਨਾਲ ਸਬੰਧਤ ਉਦਯੋਗਾਂ ਤੇ ਐੱਮਐੱਸਐੱਮਈ ਵਿੱਚ ਨਿਵੇਸ਼ ਦੀ ਸੰਭਾਵਨਾ ਬਾਰੇ ਚਰਚਾ ਕਰਨਾ ਸੀ। ਕਾਨਫਰੰਸ ਦੌਰਾਨ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਵਿੱਚ ਉਦਯੋਗਾਂ ਅਤੇ ਐੱਮਐੱਸਐੱਮਈ ਵਿੱਚ ਊਰਜਾ ਕੁਸ਼ਲਤਾ ਦੀ ਮਹੱਤਤਾ, ਨਵੀਆਂ ਊਰਜਾ ਤਕਨੀਕਾਂ ਨੂੰ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਉਦਯੋਗਾਂ ਅਤੇ ਐੱਮਐੱਸਐੱਮਈ ਵਿੱਚ ਨਿਵੇਸ਼ ਦੀ ਸੰਭਾਵਨਾ ਵੱਲ ਵੀ ਧਿਆਨ ਦਿੱਤਾ ਤਾਂ ਜੋ ਰਾਜ ਪੱਧਰ ’ਤੇ ਬੁਨਿਆਦੀ ਢਾਂਚੇ ਨੂੰ ਵਧਾਇਆ ਜਾ ਸਕੇ। ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ ਨੇ ਰਾਜ ਵਿੱਚ ਊਰਜਾ ਦੇ ਯੋਗ ਪ੍ਰਾਜੈਕਟਾਂ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਆਈਏਐੱਸ ਤੇ ਡਾਇਰੈਕਟਰ ਐੱਮਪੀ ਸਿੰਘ ਨੇ ਵੀ ਸੰਬੋਧਨ ਕੀਤਾ।