ਚੇਨੱਈ, 12 ਨਵੰਬਰ
ਡੀਐੱਮਕੇ ਨੇ ਬੁੱਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰੌਏ ਦੀ ਕਿਤਾਬ ‘ਵਾਕਿੰਗ ਵਿਦ ਦਿ ਕਾਮਰੇਡਜ਼’ ਨੂੰ ਆਪਣੇ ਸਿਲੇਬਸ ’ਚੋਂ ਹਟਾਉਣ ਦੇ ਤਿਰੂਨੇਲਵੇਲੀ ਸਥਿਤ ਮਨੋਨਮਨੀਅਮ ਸੁੰਦਰਨਾਰ ਯੂਨੀਵਰਸਿਟੀ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਯੂਨੀਵਰਸਿਟੀ ਨੇ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਸ਼ਿਕਾਇਤ ’ਤੇ ਕਿਤਾਬ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਏਬੀਵੀਪੀ ਨੇ ਸ਼ਿਕਾਇਤ ’ਚ ਦਾਅਵਾ ਕੀਤਾ ਸੀ ਕਿ ਅਰੁੰਧਤੀ ਦੀ ਕਿਤਾਬ ਹਿੰਸਾ ਤੇ ਮਾਓਵਾਦੀਆਂ ਦੀ ਹਮਾਇਤ ਕਰਦੀ ਹੈ। ਡੀਐੱਮਕੇ ਦੇ ਡਿਪਟੀ ਜਨਰਲ ਸਕੱਤਰ ਏ.ਰਾਜਾ ਨੇ ਕਿਹਾ ਕਿ ਸਿਲੇਬਸ ਦੇ ਵਿਸ਼ਾ-ਵਸਤੂ ਬਾਰੇ ਫੈਸਲਾ ਉਪ ਕੁਲਪਤੀ, ਪ੍ਰੋਫੈਸਰਾਂ ਤੇ ਸਿੱਖਿਆ ਮਾਹਿਰਾਂ ਨੇ ਲੈਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬ ਪਿਛਲੇ ਤਿੰਨ ਸਾਲਾਂ ਤੋਂ ਸਿਲੇਬਸ ਦਾ ਹਿੱਸਾ ਹੈ ਤੇ ਇਸ ਨੂੰ ਏਬੀਵੀਪੀ ਦੀ ਸ਼ਿਕਾਇਤ ’ਤੇ ਹਟਾਇਆ ਗਿਆ ਹੈ। ‘ਵਾਕਿੰਗ ਵਿਦ….’ ਰੌਏ ਦੀ ਮਾਓਵਾਦੀ ਕੈਂਪਾਂ ਦੀ ਫੇਰੀ ’ਤੇ ਅਧਾਰਿਤ ਹੈ। -ਪੀਟੀਆਈ