ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਸਿੱਖਾਂ/ਜੱਟਾਂ ਬਾਰੇ ਬਿਆਨ ਤੋਂ ਉਨ੍ਹਾਂ ਦੇ ਬੌਧਿਕ ਦੀਵਾਲੀਏਪਣ ਦਾ ਪਤਾ ਚੱਲਦਾ ਹੈ। ਉਨ੍ਹਾਂ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਦੇ ਸਿੱਖਾਂ/ਜੱਟਾਂ ਬਾਰੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਭਾਜਪਾ ਪ੍ਰਧਾਨ ਤੁਰੰਤ ਇਸ ਦੇ ਲਈ ਮੁਆਫ਼ੀ ਮੰਗਣ ਤੇ ਮੁੱਖ ਮੰਤਰੀ ਬਿਪਲਬ ਅਸਤੀਫ਼ਾ ਦੇਣ। ਜ਼ਿਕਰਯੋਗ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਦੇਵ ਨੇ ਪੰਜਾਬੀਆਂ ਤੇ ਜੱਟਾਂ ਨੂੰ ਘੱਟ ਦਿਮਾਗ਼ ਵਾਲੇ ਕਿਹਾ ਸੀ।