ਨਵੀਂ ਦਿੱਲੀ, 23 ਜੂਨ
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਅਧਿਕਾਰੀਆਂ ਨੂੰ ਕਰੋਨਾ ਲਾਗ ਦੇ ਪਸਾਰ ਦਾ ਸਮੇਂ ਸਿਰ ਮੁਲਾਂਕਣ ਕਰਨ ਲਈ ਢੁੱਕਵੀਂ ਜਾਂਚ ਅਤੇ ਅਸਰਦਾਰ ਨਿਗਰਾਨੀ ਦੇ ਨਿਰਦੇਸ਼ ਦਿੱਤੇ ਅਤੇ ਲਾਗ ਵਿੱਚ ਸੰਭਾਵਿਤ ਤਬੀਦੀਲੀ ਦਾ ਪਤਾ ਲਾਉਣ ਲਈ ਜੀਨੋਮ ਸੀਕੁਐਂਸਿੰਗ ’ਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ ਕੀਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਵਿੱਚ ਮਾਂਡਵੀਆ ਨੇ ਕੁਝ ਸੂਬਿਆਂ ਵਿੱਚ ਕਰੋਨਾ ਕੇਸ ਵਿੱਚ ਵਾਧੇ ਦੇ ਮੱਦੇਨਜ਼ਰ ਮੁੱਖ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਲਾਗ ਦੇ ਫੈਲਾਅ ਦਾ ਸਮਾਂਬੱਧ ਤਰੀਕੇ ਨਾਲ ਮੁਲਾਂਕਣ ਅਤੇ ਕੰਟਰੋਲ ਲਈ ਵੱਧ ਫੈਲਾਅ ਵਾਲੇ ਜ਼ਿਲ੍ਹਿਆਂ ’ਤੇ ਧਿਆਨ ਕੇਂਦਰਤ ਕਰਨ ਅਤੇ ਢੁੱਕਵੀਂ ਜਾਂਚ (ਵੱਧ ਆਰਟੀ-ਪੀਸੀਆਰ ਅਨੁਪਾਤ ਨਾਲ) ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦੀ ਲੋੜ ’ਤੇ ਜ਼ੋਰ ਦਿੱਤਾ। ਬਿਆਨ ਮੁਤਾਬਕ ਮਾਂਡਵੀਆ ਨੇ ਅਧਿਕਾਰੀਆਂ ਨੂੰ ਕਰੋਨਾ ਅਤੇ ‘ਐੱਸਏਆਰਆਈ/ਆਈਐੱਲਆਈ’ ਕੇਸਾਂ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀ ਨਿਗਰਾਨੀ ਦਾ ਨਿਰਦੇਸ਼ ਵੀ ਦਿੱਤਾ। ਉਨ੍ਹਾਂ ਨੇ ਜ਼ਿਆਦਾ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਬੂੁਸਟਰ ਡੋਜ਼ ਸਣੇ ਕਰੋਨਾ ਰੋਕੂ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਸੂਤਰਾਂ ਦੱਸਿਆ ਕਿ ਦੇਸ਼ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਮੌਜੂਦਾ ਸਮੇਂ ਦਸ ਰਾਜਾਂ ਮਹਾਰਾਸ਼ਟਰ, ਕੇਰਲ, ਦਿੱਲੀ, ਕਰਨਾਟਕ, ਤਾਮਿਲਨਾਡੂ, ਹਰਿਆਣਾ, ਉੱਤਰ ਪ੍ਰਦੇਸ਼, ਤਿਲੰਗਾਨਾ, ਪੱਛਮੀ ਬੰਗਾਲ ਅਤੇ ਗੁਜਰਾਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,000 ਤੋਂ ਵੱਧ ਹੈ। -ਪੀਟੀਆਈ