ਨਵੀਂ ਦਿੱਲੀ: ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਮੌਨਸੂਨ ਇਜਲਾਸ ਦੌਰਾਨ ਕੁਝ ਸੰਸਦ ਮੈਂਬਰਾਂ ਦੇ ਸਦਨ ਦੀ ਕਾਰਵਾਈ ਵਿੱਚ ‘ਅੜਿੱਕਾ ਪਾਉਣ ਵਾਲੇ ਰਵੱਈਏ’ ਉੱਤੇ ਵੱਡੀ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਅਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਸੰਸਦ ਦੇ ਦੋਵਾਂ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਇਕ ਦਿਨ ਮਗਰੋਂ ਬਿਰਲਾ ਨੇ ਅੱਜ ਨਾਇਡੂ ਨਾਲ ਮੁਲਾਕਾਤ ਕੀਤੀ ਤੇ ਮੌਨਸੂਨ ਇਜਲਾਸ ਦੌਰਾਨ ‘ਸੰਸਦ ਵਿੱਚ ਮੰਦਭਾਗੇ ਘਟਨਾਕ੍ਰਮ’ ਉੱਤੇ ਨਜ਼ਰਸਾਨੀ ਕੀਤੀ। ਉਪ ਰਾਸ਼ਟਰਪਤੀ ਦੇ ਸਕੱਤਰੇਤ ਨੇ ਮਗਰੋਂ ਇਕ ਟਵੀਟ ਵਿੱਚ ਕਿਹਾ ਕਿ ਦੋਵਾਂ ਨੇ ਕੁਝ ਸੰਸਦ ਮੈਂਬਰਾਂ ਦੇ ਅੜਿੱਕੇ ਪਾਉਣ ਵਾਲੇ ਵਤੀਰੇ ’ਤੇ ‘ਵੱਡੀ ਫ਼ਿਕਰ’ ਜ਼ਾਹਿਰ ਕੀਤੀ ਹੈ। -ਪੀਟੀਆਈ