ਨਵੀਂ ਦਿੱਲੀ, 12 ਮਈ
ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਨਵਨੀਤ ਕਾਲੜਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਦਿੱਲੀ ਦੀ ਅਦਾਲਤ ਵੀਰਵਾਰ 13 ਮਈ ਨੂੰ ਫ਼ੈਸਲਾ ਸੁਣਾਏਗੀ। ਇਹ ਉਪਕਰਨ ਕਾਲੜਾ ਦੇ ਦਿੱਲੀ ਸਥਿਤ ‘ਖਾਨ ਚਾਚਾ’ ਰੈਸਟੋਰੈਂਟਾਂ ਅਤੇ ਹੋਰ ਥਾਵਾਂ ਤੋਂ ਬਰਾਮਦ ਹੋਏ ਸਨ। ਵਧੀਕ ਸੈਸ਼ਨ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਾਲੜਾ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ ਭਲਕੇ 10 ਵਜੇ ਤੱਕ ਰਾਖ਼ਵਾਂ ਰੱਖ ਲਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮਾਰੇ ਗਏ ਛਾਪੇ ’ਚ 524 ਕੰਸਨਟਰੇਟਰ ਕਾਲੜਾ ਦੀ ਮਾਲਕੀ ਵਾਲੇ ਰੈਸਟੋਰੈਂਟਾਂ ’ਚੋਂ ਮਿਲੇ ਸਨ। -ਪੀਟੀਆਈ