ਮੁੰਬਈ, 25 ਜੁਲਾਈ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਵੱਲੋਂ ਕਰਵਾਏ ਕਥਿਤ ‘ਇਤਰਾਜ਼ਯੋਗ ਫੋਟੋਸ਼ੂਟ’ ਖ਼ਿਲਾਫ਼ ਮੁੰਬਈ ਪੁਲੀਸ ਨੂੰ ਸ਼ਿਕਾਇਤ ਕਰਕੇ ਅਦਾਕਾਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਵਿੱਚ ਰਣਵੀਰ ਸਿੰਘ ’ਤੇ ਦੋਸ਼ ਲਾਇਆ ਗਿਆ ਕਿ ਸੋਸ਼ਲ ਮੀਡੀਆ ’ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਰਾਹੀਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਚੈਂਬੂਰ ਥਾਣੇ ਵਿੱਚ ਇਹ ਸ਼ਿਕਾਇਤ ਪੂਰਬੀ ਮੁੰਬਈ ਅਧਾਰਿਤ ਇੱਕ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਦੇ ਇੱਕ ਅਹੁਦੇਦਾਰ ਨੇ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਅਦਾਕਾਰ ਨੇ ਇਤਰਾਜ਼ਯੋਗ ਤਸਵੀਰਾਂ ਰਾਹੀਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੇ ਸਨਮਾਨ ਦਾ ਅਪਮਾਨ ਕੀਤਾ ਹੈ। ਅਧਿਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਸੂਚਨਾ ਤਕਨੀਕੀ ਐਕਟ ਅਤੇ ਭਾਰਤੀ ਸੰਵਿਧਾਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ, ‘‘ਸਾਨੂੰ ਅੱਜ ਇੱਕ ਐੱਨਜੀਓ ਨਾਲ ਜੁੜੇ ਵਿਅਕਤੀ ਤੋਂ ਸ਼ਿਕਾਇਤ ਮਿਲੀ ਹੈ। ਹਾਲੇ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਅਸੀਂ ਜਾਂਚ ਕਰ ਰਹੇ ਹਾਂ।’’ -ਪੀਟੀਆਈ