ਅਮੇਠੀ(ਯੂਪੀ), 9 ਫਰਵਰੀ
ਉੱਤਰ ਪ੍ਰਦੇਸ਼ ਦੀ ਸਾਬਕਾ ਵਿਧਾਇਕ ਗਰਿਮਾ ਸਿੰਘ ਨੇ ਭਾਜਪਾ ਵਿਧਾਇਕ ਡਾ.ਸੰਜੈ ਸਿੰਘ ਵੱਲੋਂ ਦਾਇਰ ਚੋਣ ਨਾਮਜ਼ਦਗੀ ਵਿੱਚ ਉਸ ਦਾ ਨਾਮ ਪਤਨੀ ਵਜੋਂ ਨਾ ਲਿਖਣ ਉੱਤੇ ਇਤਰਾਜ਼ ਜਤਾਇਆ ਹੈ। ਸੰਜੈ ਸਿੰਘ ਅਮੇਠੀ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ ਤੇ ਗਰਿਮਾ ਸਿੰਘ ਉਸ ਦੀ ਪਹਿਲੀ ਪਤਨੀ ਹੈ।
ਗਰਿਮਾ ਸਿੰਘ ਨੇ ਰਿਟਰਨਿੰਗ ਅਧਿਕਾਰੀ ਸੰਜੀਵ ਕੁਮਾਰ ਕੋਲ ਦਰਜ ਇਤਰਾਜ਼ ਵਿੱਚ ਕਿਹਾ ਕਿ ਨਾਮਜ਼ਦਗੀ ਦੇ ਨਾਲ ਦਾਖ਼ਲ ਹਲਫ਼ਨਾਮੇ ਵਿੱਚ ਸੰਜੈ ਸਿੰਘ ਦੀ ਪਤਨੀ ਵਜੋਂ ਅਮਿਤਾ ਸਿੰਘ ਦਾ ਨਾਂ ਲਿਖਿਆ ਹੈ।
ਭਾਜਪਾ ਨੇ ਐਤਕੀਂ ਅਮੇਠੀ ਅਸੈਂਬਲੀ ਹਲਕੇ ਤੋਂ ਡਾ. ਸੰਜੈ ਸਿੰਘ ਨੂੰ ਟਿਕਟ ਦਿੱਤੀ ਹੈ ਜਦੋਂਕਿ ਪਿਛਲੀਆਂ ਚੋਣਾਂ ਵਿੱਚ ਗਰਿਮਾ ਸਿੰਘ ਨੇ ਇਹ ਸੀਟ ਜਿੱਤੀ ਸੀ। ਗਰਿਮਾ ਨੇ ਗੌਰੀਗੰਜ ਦੇ ਕੁਲੈਕਟੋਰੇਟ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਡਾ. ਸੰਜੈ ਸਿੰਘ ਵੱਲੋਂ ਉਨ੍ਹਾਂ ਨੂੰ ਆਪਣੀ ਪਤਨੀ ਵਜੋਂ ਨਾ ਦਰਸਾਉਣ ਖ਼ਿਲਾਫ਼ ਉਨ੍ਹਾਂ ਉਜਰ ਜਤਾਇਆ ਹੈ।
ਸਾਬਕਾ ਵਿਧਾਇਕ ਨੇ ਕਿਹਾ ਕਿ ਉਸ ਨੇ ਆਪਣੇ ਹੱਕਾਂ ਲਈ ਇਹ ਇਤਰਾਜ਼ ਦਰਜ ਕੀਤਾ ਹੈ ਤੇ ਅਮਿਤਾ ਨੂੰ ਆਪਣੀ ਪਤਨੀ ਦੱਸਣਾ ਗ਼ਲਤ ਹੈ। -ਪੀਟੀਆਈ