ਮੇਰਠ (ਯੂਪੀ), 16 ਜੁਲਾਈ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਵਿੱਚ ਹੋਏ ਇਕ ਮੁਕਾਬਲੇ ’ਚ ਇਕ ਹਿਸਟਰੀ ਸ਼ੀਟਰ ਹਲਾਕ ਹੋ ਗਿਆ ਜਦੋਂਕਿ ਇਕ ਸਬ ਇੰਸਪੈਕਟਰ ਜ਼ਖ਼ਮੀ ਹੋ ਗਿਆ।
ਐੱਸਐੱਸਪੀ ਅਜੈ ਕੁਮਾਰ ਸਾਹਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੀਪਕ ਸਿੱਧੂ ਜੋ ਮੇਰਠ ਦਾ ਸਭ ਤੋਂ ਵੱਧ ਲੋੜੀਂਦਾ ਅਪਰਾਧੀ ਸੀ ਅਤੇ ਉਸ ਦੀ ਗ੍ਰਿਫ਼ਤਾਰੀ ’ਤੇ 50,000 ਰੁਪਏ ਦਾ ਇਨਾਮ ਸੀ, ਦੀ ਬੁੱਧਵਾਰ ਰਾਤ ਨੂੰ ਇਕ ਪੁਲੀਸ ਮੁਕਾਬਲੇ ’ਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਲੁੱਟ ਸਬੰਧੀ ਖ਼ਬਰ ਮਿਲਣ ’ਤੇ ਸਥਾਨਕ ਪੁਲੀਸ ਨੂੰ ਮੁਸਤੈਦ ਕੀਤਾ ਗਿਆ। ਇਸ ਦੌਰਾਨ ਸਿੱਧੂ ਤੇ ਉਸ ਦੇ ਇਕ ਸਾਥੀ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਕਿਹਾ, ‘‘ਜਵਾਬੀ ਕਾਰਵਾਈ ਵਿੱਚ ਪੁਲੀਸ ਵੱਲੋਂ ਕੀਤੀ ਗਈ ਫਾਇਰਿੰਗ ’ਚ ਸਿੱਧੂ ਜ਼ਖ਼ਮੀ ਹੋ ਗਿਆ ਜਦੋਂਕਿ ਉਸ ਦਾ ਸਾਥੀ ਭੱਜਣ ਵਿੱਚ ਸਫ਼ਲ ਰਿਹਾ। ਇਸ ਦੌਰਾਨ ਦੋਵੇਂ ਪਾਸਿਓਂ ਹੋਈ ਗੋਲੀਬਾਰੀ ਵਿੱਚ ਇਕ ਸਬ ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਸਿੱਧੂ ਦੀ ਮੌਤ ਹੋ ਗਈ।’’
ਐੱਸਐੱਸਪੀ ਨੇ ਕਿਹਾ ਕਿ ਸਿੱਧੂ ਇਕ ਬਦਨਾਮ ਅਪਰਾਧੀ ਸੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੀ ਪੁਲੀਸ ਨੂੰ ਉਸ ਦੀ ਭਾਲ ਸੀ। ਉਸ ਖ਼ਿਲਾਫ਼ ਲੁੱਟ, ਕਤਲ ਤੇ ਡਕੈਤੀ ਸਣੇ ਡੇਢ ਦਰਜਨ ਤੋਂ ਵੱਧ ਕੇਸ ਦਰਜ ਸਨ। ਪੁਲੀਸ ਅਨੁਸਾਰ ਸਿੱਧੂ ਕੋਲੋਂ ਦੋ ਗੈਰਕਾਨੂੰਨੀ ਹਥਿਆਰ ਮਿਲੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਗੋਲੀਬਾਰੀ ਵਿੱਚ ਜ਼ਖ਼ਮੀ ਹੋਇਆ ਸਬ ਇੰਸਪੈਕਟਰ ਅਜੇ ਵੀ ਜ਼ਿਲ੍ਹਾ ਹਸਪਤਾਲ ’ਚ ਜ਼ੇਰੇ ਇਲਾਜ ਹੈ। -ਪੀਟੀਆਈ
ਵਿਕਾਸ ਦੂਬੇ ਕੇਸ: ‘ਕਾਰਤਿਕੇ ਨਾਬਾਲਗ ਸੀ’
ਕਾਨਪੁਰ (ਯੂਪੀ): ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਦੀ ਭਾਲ ਵਿੱਚ ਚਲਾਈ ਗਈ ਮੁਹਿੰਮ ਦੌਰਾਨ ਇਕ ਮੁਕਾਬਲੇ ’ਚ ਹਲਾਕ ਹੋਏ ਪ੍ਰਭਾਤ ਮਿਸ਼ਰਾ ਉਰਫ਼ ਕਾਰਤਿਕੇ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਕਾਰਤਿਕੇ ਨਾਬਾਲਗ ਸੀ ਜਦੋਂਕਿ ਪੁਲੀਸ ਵੱਲੋਂ ਦੋਸ਼ਾਂ ਨੂੰ ਨਕਾਰਿਆ ਗਿਆ ਹੈ। ਕਾਰਤਿਕੇ ਦੇ ਪਰਿਵਾਰ ਨੇ ਇਹ ਗੱਲ ਸਾਬਿਤ ਕਰਨ ਲਈ ਉਸ ਦੀ ਯੂਪੀ ਸਿੱਖਿਆ ਬੋਰਡ ਦੀ ਸਾਲ 2018 ਹਾਈ ਸਕੂਲ ਦੀ ਮਾਰਕ ਸ਼ੀਟ ਅਤੇ ਆਧਾਰ ਕਾਰਡ ਜਨਤਕ ਕੀਤਾ। ਦੋਹਾਂ ਦਸਤਾਵੇਜ਼ਾਂ ਵਿੱਚ ਨਾਮ ਕਾਰਤਿਕੇ ਅਤੇ ਉਸ ਦੀ ਜਨਮ ਤਰੀਕ 27 ਮਈ 2004 ਦਰਸਾਈ ਗਈ ਹੈ। ਕਾਰਤਿਕੇ ਦੀ ਭੈਣ ਹਿਮਾਂਸ਼ੀ ਨੇ ਮੀਡੀਆ ਨਾਲ ਗੱਲਬਾਤ ਦੋਰਾਨ ਕਿਹਾ ਕਿ ਉਸ ਦਾ ਭਰਾ ਇਕ ਹੋਣਹਾਰ ਵਿਦਿਆਰਥੀ ਸੀ ਅਤੇ ਉਸ ਨੇ ਸਾਲ 2018 ’ਚ ਯੂਪੀ ਬੋਰਡ ਤੋਂ ਹਾਈ ਸਕੂਲ ਦੀ ਪ੍ਰੀਖਿਆ 79 ਫ਼ੀਸਦ ਨੰਬਰਾਂ ਨਾਲ ਪਾਸ ਕੀਤੀ ਸੀ। ਕਾਰਤਿਕੇ ਦੀ ਮਾਂ ਸੁਮਨਲਤਾ ਜਿਸ ਨੂੰ ਗੀਤਾ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਹਾ ਕਿ ਉਸ ਦਾ ਪੁੱਤਰ ਬੇਕਸੂਰ ਸੀ ਅਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਉੱਧਰ, ਇਕ ਪੁਲੀਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਕਾਰਤਿਕੇ ਦੀ ਉਮਰ 20 ਸਾਲ ਲਿਖੀ ਗਈ ਹੈ। ਅਧਿਕਾਰੀ ਨੇ ਕਿਹਾ, ‘‘ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਕਿ ਇਕ ਅਪਰਾਧੀ ਨਾਬਾਲਗ ਵੀ ਹੋਵੇ। ਉਹ ਵਿਕਾਸ ਦੂਬੇ ਗਰੋਹ ਦਾ ਹਿੱਸਾ ਸੀ ਅਤੇ ਅੱਠ ਪੁਲੀਸ ਮੁਲਾਜ਼ਮਾਂ ਦੀ ਹੱਤਿਆ ’ਚ ਸ਼ਾਮਲ ਸੀ।’’ -ਪੀਟੀਆਈ