ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਰਨਾਟਕ ਵਿੱਚ ਹਿਜਾਬ ’ਤੇ ਪਾਬੰਦੀ ਮਾਮਲੇ ਦੀ ਅੱਜ ਸੁਣਵਾਈ ਕਰਦਿਆਂ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਮੁਸਲਿਮ ਤੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਆਪਸ ਵਿੱਚ ਨਾ ਮੇਲਣ। ਕੋਰਟ ਨੇ ਕਿਹਾ ਕਿ ਮੁਸਲਿਮ ਰਵਾਇਤਾਂ ਨੂੰ ਸਿੱਖੀ ਨਾਲ ਮੇਲਣਾ ਗ਼ੈਰਵਾਜਬ ਹੈ ਕਿਉਂਕਿ ਸਿੱਖ ਧਰਮ ਵੀ ਦੇਸ਼ ਦੇ ਸਭਿਆਚਾਰ ਵਿੱਚ ਉਕਰਿਆ ਹੋਇਆ ਹੈ। ਸੁਪਰੀਮ ਕੋਰਟ, ਸਿੱਖਿਆ ਸੰਸਥਾਨਾਂ ਵਿੱਚ ਹਿਜਾਬ ’ਤੇ ਪਾਬੰਦੀ ਬਾਰੇ ਸੂਬਾ ਸਰਕਾਰ ਦੇ ਫੈਸਲੇ ’ਤੇ ਰੋਕ ਲਾਉਣ ਤੋਂ ਇਨਕਾਰ ਕਰਦੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਸਿੱਖੀ ਵਿੱਚ ਪੰਜ ਕਕਾਰ- ਕੇਸ, ਕੜਾ, ਕੰਘਾ, ਕਛਹਿਰਾ ਤੇ ਕਿਰਪਾਨ ਪੂਰੀ ਤਰ੍ਹਾਂ ਸਥਾਪਿਤ ਹਨ ਤੇ ਇਨ੍ਹਾਂ ਦੀ ਵਿਲੱਖਣ ਪਛਾਣ ਹੈ। ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਇਹ ਟਿੱਪਣੀਆਂ ਅੱਜ ਉਦੋਂ ਕੀਤੀਆਂ ਜਦੋਂ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲ ਨੇ ਆਪਣੀ ਦਲੀਲ ਵਿੱਚ ਸਿੱਖੀ ਤੇ ਪੱਗ ਦੀ ਮਿਸਾਲ ਦਿੱਤੀ। ਬੈਂਚ ਨੇ ਕਿਹਾ, ‘‘ਸਿੱਖ ਧਰਮ ਦੀਆਂ ਰਵਾਇਤਾਂ ਜਾਂ ਹੱਕਾਂ ਨੂੰ ਮੇਲਣਾ ਗੈਰਵਾਜਬ ਹੈ। ਪੰਜ ‘ਕਕਾਰ’ ਪੂਰੀ ਤਰ੍ਹਾਂ ਸਥਾਪਿਤ ਹਨ।’’ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਖੁੱਲ੍ਹ ਦਿੰਦੀ ਹੈ। ਇਹ ਧਾਰਾ ਜ਼ਮੀਰ ਦੀ ਆਜ਼ਾਦੀ ਦੇ ਨਾਲ ਕਾਰੋਬਾਰ, ਰਵਾਇਤ ਤੇ ਕਿਸੇ ਵੀ ਧਰਮ ਨੂੰ ਮੰਨਣ ਦੀ ਖੁੱਲ੍ਹ ਦਿੰਦੀ ਹੈ। ਬੈਂਚ ਨੇ ਕਿਹਾ, ‘‘ਇਨ੍ਹਾਂ ਰਵਾਇਤਾਂ ਨੂੰ ਨਾ ਮੇਲੋ ਕਿਉਂਕਿ ਇਹ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪ੍ਰਵਾਨਿਤ ਹਨ।’’ ਇਕ ਪਟੀਸ਼ਨਰ ਵੱਲੋਂ ਪੇਸ਼ ਵਕੀਲ ਨਿਜ਼ਾਮ ਪਾਸ਼ਾ ਨੇ ਦਲੀਲ ਦਿੱਤੀ ਕਿ ਧਾਰਾ 25 ਵਿੱਚ ਪੂਰੇ ਪੰਜ ਕਕਾਰਾਂ ਦਾ ਨਹੀਂ ਬਲਕਿ ਸਿਰਫ਼ ਕਿਰਪਾਨ ਦਾ ਜ਼ਿਕਰ ਹੈ। ਇਸ ’ਤੇ ਬੈਂਚ ਨੇ ਕਿਹਾ, ‘‘ਅਸੀਂ ਕੀ ਕਹਿ ਰਹੇ ਹਾਂ, ਕ੍ਰਿਪਾ ਕਰਕੇ ਇਸ ਨੂੰ ਸਿੱਖੀ ਨਾਲ ਨਾ ਮੋਲੇ।’’ -ਪੀਟੀਆਈ