ਅਰਜੁਨ ਸ਼ਰਮਾ
ਜੰਮੂ, 12 ਜੂਨ
ਬੋਧੀ ਭਿਕਸ਼ੂ ਚੋਸਕਯੋਂਗ ਪਾਲਗਾ ਰਿਨਪੋਚੇ ਦੀ ਅਗਵਾਈ ਹੇਠ ਭਾਈਚਾਰੇ ਦੇ ਲੋਕਾਂ ਵੱਲੋਂ 31 ਮਈ ਤੋਂ ਲੇਹ ਤੋਂ ਸ਼ੁਰੂ ਕੀਤੇ ਗਏ ਮਾਰਚ ਕਾਰਨ ਲੱਦਾਖ ’ਚ ਫਿਰਕੂ ਤਣਾਅ ਦਾ ਮਾਹੌਲ ਬਣ ਗਿਆ ਹੈ। ਇਹ ਮਾਰਚ 14 ਜੂਨ ਨੂੰ ਕਾਰਗਿਲ ’ਚ ਮੁਸਲਿਮ ਭਾਈਚਾਰੇ ਵਾਲੇ ਇਲਾਕੇ ’ਚ ਗੋਂਪਾ (ਬੋਧ ਮੱਠ) ਦਾ ਨੀਂਹ ਪੱਥਰ ਰੱਖਣ ਮਗਰੋਂ ਮੁਕੰਮਲ ਹੋਵੇਗਾ। ਇਸ ਦਾ ਆਰਜ਼ੀ ਢਾਂਚਾ ਮੌਜੂਦਾ ਸਮੇਂ ’ਚ ਵਿਵਾਦਿਤ ਥਾਂ ’ਤੇ ਬਣਿਆ ਹੋਇਆ ਹੈ ਅਤੇ ਪੱਕਾ ਮੱਠ ਬਣਾਉਣ ਲਈ ਬੋਧੀ ਭਿਕਸ਼ੂ ਵੱਲੋਂ ਆਪਣੇ ਪੈਰੋਕਾਰਾਂ ਨਾਲ ਇਹ ਮਾਰਚ ਕੱਢਿਆ ਜਾ ਰਿਹਾ ਹੈ। ਜਿਥੇ ਮੱਠ ਦੀ ਸਥਾਪਨਾ ਕੀਤੀ ਜਾਣੀ ਹੈ, ਉਥੋਂ ਦੇ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਇਤਰਾਜ਼ ਉਠਾਏ ਹਨ। ਇਹ ਮੁੱਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਪਿਛਲੇ ਸਾਲ ਹੀ ਮੁਸਲਮਾਨਾਂ ਅਤੇ ਬੋਧੀਆਂ ਨੇ ਲੱਦਾਖ ਲਈ 6ਵੀਂ ਸੂਚੀ ਦੀ ਮੰਗ ਉਠਾਉਣ ਵਾਸਤੇ ਗੱਠਜੋੜ ਬਣਾਇਆ ਸੀ। ਹੁਣ ਮਾਰਚ ਨੇ ਗੱਠਜੋੜ ਪੇਤਲਾ ਕਰ ਦਿੱਤਾ ਹੈ ਅਤੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਕਾਰਗਿਲ ਡੈਮੋਕਰੈਟਿਕ ਅਲਾਇੰਸ ਨੇ ਕਾਰਗਿਲ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਬੋਧ ਭਿਕਸ਼ੂ ਵੱਲੋਂ ਕੱਢਿਆ ਜਾ ਰਿਹਾ ਮਾਰਚ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਸ ਨਾਲ ਲੱਦਾਖ ’ਚ ਫਿਰਕੂ ਸਦਭਾਵਨਾ ਦਾ ਮਾਹੌਲ ਵਿਗੜ ਸਕਦਾ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਲੱਦਾਖ ਬੁੱਧਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੋਂਪਾ ਦੇ ਮੁੱਦੇ ਬਾਰੇ ਮੀਟਿੰਗ ਕੀਤੀ ਹੈ ਅਤੇ ਦੋਵੇਂ ਜਥੇਬੰਦੀਆਂ ਇਸ ਗੱਲ ’ਤੇ ਸਹਿਮਤ ਹਨ ਕਿ ਇਸ ਦਾ ਸਰਬਸੰਮਤੀ ਨਾਲ ਕੋਈ ਢੁੱਕਵਾਂ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ ਜਿਸ ਦਾ ਮਕਸਦ ਸਿਰਫ਼ ਕਾਰਗਿਲ ’ਚ ਫਿਰਕੂ ਮਾਹੌਲ ਵਿਗਾੜਨਾ ਜਾਪਦਾ ਹੈ। ਉਂਜ ਬੋਧੀਆਂ ਦੀ ਜਥੇਬੰਦੀ ਨੇ ਭਿਕਸ਼ੂ ਦੇ ਮਾਰਚ ਨੂੰ ਪੂਰੀ ਹਮਾਇਤ ਦਿੱਤੀ ਹੈ। ਜਥੇਬੰਦੀ ਦੇ ਕਾਰਗਿਲ ਮੁਖੀ ਸਕਰਮਾ ਦਾਦੁਲ ਨੇ ਕਿਹਾ ਕਿ ਬੋਧੀਆਂ ਨੂੰ ਪੱਕਾ ਮੱਠ ਨਹੀਂ ਬਣਾਉਣ ਦਿੱਤਾ ਜਾ ਰਿਹਾ ਹੈ। ‘ਅਸੀਂ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਹਾਂ ਪਰ ਸਾਡਾ ਵੀ ਅਧਿਕਾਰ ਹੈ ਕਿ ਪੂਜਾ ਲਈ ਢੁੱਕਵਾਂ ਧਰਮ ਅਸਥਾਨ ਹੋਵੇ।’ ਉਂਜ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਇਸ ਮੁੱਦੇ ’ਤੇ ਬੋਲਣ ਲਈ ਤਿਆਰ ਨਹੀਂ ਹਨ ਪਰ ਜਾਣਕਾਰੀ ਮੁਤਾਬਕ ਪੁਲੀਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕਾਰਗਿਲ ’ਚ ਹਾਲਾਤ ਬੇਕਾਬੂ ਹੋਏ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।