ਅਲੀਗੜ੍ਹ (ਉਤਰ ਪ੍ਰਦੇਸ਼), 1 ਜੂਨ
ਅਲੀਗੜ੍ਹ ਦੇ ਇੱਕ ਪਿੰਡ ਵਿੱਚ ਫ਼ਿਰਕੂ ਝੜਪ ਮਗਰੋਂ ਸੁਰੱਖਿਆ ਮਜ਼ਬੂਤ ਕਰ ਦਿੱਤੀ ਹੈ ਕਿਉਂਕਿ ਕੁੱਝ ਦਲਿਤ ਪਰਿਵਾਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਪੁਲੀਸ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 26 ਮਈ ਨੂੰ ਕੁੱਝ ਲੋਕਾਂ ਨੇ ਤੱਪਲ ਖੇਤਰ ਦੇ ਪਿੰਡ ਨੂਰਪੁਰ ਵਿੱਚ ਬਰਾਤ ਦੇ ਦਾਖ਼ਲ ਹੋਣ ਮੌਕੇ ਮਸੀਤ ਨੇੜੇ ਮਿਊਜ਼ਿਕ ਵਜਾਉਣ ’ਤੇ ਇਤਰਾਜ਼ ਕੀਤਾ ਸੀ, ਜਿਸ ਮਗਰੋਂ ਝੜਪ ਹੋ ਗਈ। ਕੁੱਝ ਬਰਾਤੀਆਂ ਨੇ ਪੁਲੀਸ ਕੋਲ ਮੁਸਲਿਮ ਭਾਈਚਾਰੇ ਵੱਲੋਂ ਕਥਿਤ ਇੱਟਾਂ-ਰੋੜਿਆਂ ਨਾਲ ਹਮਲਾ ਕਰਨ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਝੜਪ ਹੋਈ। ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਨਾਲ ਵਾਹਨਾਂ ਦੀ ਭੰਨ-ਤੋੜ ਕਰਨ ਦਾ ਦੋਸ਼ ਵੀ ਲਾਇਆ। ਪੁਲੀਸ ਨੇ ਕਿਹਾ ਕਿ ਸ਼ਿਕਾਇਤ ਮਗਰੋਂ ਕਈ ਲੋਕਾਂ ਖ਼ਿਲਾਫ਼ ਐੱਸਸੀ/ਐੱਸਟੀ (ਅੱਤਿਆਚਾਰ ਰੋਕੂ) ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਵਕੀਲ, ਕਲਵਾ, ਮੁਸਤਕੀਮ, ਸਰਫੂ, ਅੰਸਾਰ, ਸੋਹਾਲੀ, ਫਾਰੂਕ, ਅਮਜਦ, ਤੌਫੀਕ, ਸ਼ਾਜ਼ੋਰ, ਲਹਿਰੂ ਅਤੇ ਹੋਰ ਸ਼ਾਮਲ ਹਨ। ਉਧਰ ਸੰਸਦ ਮੈਂਬਰ ਸਤੀਸ਼ ਗੌਤਮ ਅਤੇ ਵਿਧਾਇਕ ਅਨੂਪ ਪ੍ਰਧਾਨ ਸਣੇ ਸੀਨੀਅਰ ਭਾਜਪਾ ਆਗੂਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ ਸ਼ਿਕਾਇਤ ਕਰਨ ਵਾਲੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੁੱਝ ‘ਘਰ ਵੇਚਣ’ ਦੇ ਐੱਸਐੱਮਐੱਸ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਉਹ ਇੱਥੋਂ ਜਾਣਾ ਚਾਹੁੰਦੇ ਹਨ। -ਪੀਟੀਆਈ