ਵਡੋਦਰਾ(ਗੁਜਰਾਤ): ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਸੋਮਵਾਰ ਰਾਤ ਨੂੰ ਗਣੇਸ਼ ਉਤਸਵ ਮੌਕੇ ਸੰਵੇਦਨਸ਼ੀਲ ਇਲਾਕੇ ਵਿੱਚੋਂ ਸ਼ੋਭਾ ਯਾਤਰਾ ਕੱਢਦਿਆ ਦੋ ਭਾਈਚਾਰਿਆਂ ਦੇ ਮੈਂਬਰਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਪਥਰਾਅ ਵੀ ਕੀਤਾ, ਹਾਲਾਂਕਿ ਕਿਸੇ ਦੇ ਸੱਟ ਲੱਗਣ ਤੋਂ ਬਚਾਅ ਰਿਹਾ। ਵਡੋਦਰਾ ਪੁਲੀਸ ਸਟੇਸ਼ਨ ਵਿੱਚ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਖਿਲਾਫ਼ ਦੰਗੇ ਫਸਾਦ ਤੇ ਗੈਰਕਾਨੂੰਨੀ ਇਕੱਠ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਹੁਣ ਤੱਕ 13 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸਿਟੀ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਰਾਤ ਸਵਾ ਗਿਆਰਾਂ ਵਜੇ ਦੇ ਕਰੀਬ ਸ਼ੋਭਾ ਯਾਤਰਾ ਸੰਵੇਦਨਸ਼ੀਲ ਪਾਨੀਗੇਟ ਦਰਵਾਜ਼ਾ ਇਲਾਕੇ ’ਚੋਂ ਲੰਘੀ ਤਾਂ ਕਿਸੇ ਗੱਲ ਨੂੰ ਲੈ ਕੇ ਦੋ ਭਾਈਚਾਰਿਆਂ ਦੇ ਮੈਂਬਰਾਂ ਵਿੱਚ ਤਕਰਾਰ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਪਥਰਾਅ ਕੀਤਾ। ਇਸ ਦੌਰਾਨ ਕੋਈ ਜ਼ਖ਼ਮੀ ਤਾਂ ਨਹੀਂ ਹੋਇਆ, ਪਰ ਮਸਜਿਦ ਦੇ ਮੁੱਖ ਗੇਟ ਦਾ ਸ਼ੀਸ਼ਾ ਟੁੱਟ ਗਿਆ। ਪੁਲੀਸ ਨੇ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਹੈ। ਪੁਲੀਸ ਅਧਿਕਾਰੀ ਚਿਰਾਗ ਕੋਰਾੜੀਆ ਨੇ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ। -ਪੀਟੀਆਈ