ਨਵੀਂ ਦਿੱਲੀ, 2 ਜੁਲਾਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸਾਂਝੇ ਸਿਵਲ ਕੋਡ (ਯੂਸੀਸੀ) ਨੂੰ ਜਾਂਚ ਰਹੀ ਮਾਹਿਰਾਂ ਦੀ ਕਮੇਟੀ ਜਲਦੀ ਇਸ ਵਿਸ਼ੇ ਉਤੇ ਖਰੜਾ ਦਸਤਾਵੇਜ਼ ਦਾਖਲ ਕਰੇਗੀ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ, 30 ਜੂਨ ਨੂੰ, ਸਾਂਝੇ ਸਿਵਲ ਕੋਡ ਦਾ ਖਰੜਾ ਤਿਆਰ ਕਰ ਰਹੀ ਕਮੇਟੀ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਜਲਦੀ ਯੂਸੀਸੀ ਨੂੰ ਉੱਤਰਾਖੰਡ ਵਿਚ ਲਾਗੂ ਕਰ ਦਿੱਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਯੂਸੀਸੀ ਵਿਚ ਪੂਰੇ ਭਾਰਤ ਲਈ ਇਕ ਕਾਨੂੰਨ ਰੱਖਣ ਦੀ ਤਜਵੀਜ਼ ਹੈ, ਜੋ ਕਿ ਵਿਆਹ, ਤਲਾਕ, ਜਾਇਦਾਦ ਤੇ ਗੋਦ ਲੈਣ ਦੇ ਮਾਮਲਿਆਂ ਵਿਚ ਸਾਰੇ ਧਰਮਾਂ ਉਤੇ ਲਾਗੂ ਹੋਵੇਗਾ। ਧਾਮੀ ਨੇ ਕਿਹਾ ਕਿ ਯੂਸੀਸੀ ਕਮੇਟੀ ਨੂੰ ਕੰਮ ਕਰਦਿਆਂ ਸਾਲ ਤੋਂ ਵੱਧ ਹੋ ਚੁੱਕਾ ਹੈ। ਕਮੇਟੀ ਨੇ 2,35,000 ਤੋਂ ਵੱਧ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਦੇ ਵਿਚਾਰ ਦਰਜ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਨੇ ਵੱਖ-ਵੱਖ ਖੇਤਰਾਂ ਦੇ ਕਈ ਸੰਗਠਨਾਂ, ਸਭਿਆਚਾਰਕ ਇਕਾਈਆਂ ਤੇ ਹੋਰ ਹਿੱਤਧਾਰਕਾਂ ਨਾਲ ਵੀ ਰਾਬਤਾ ਕੀਤਾ ਹੈ। ਸਮਾਜ ਦੇ ਕਈ ਬੁੱਧੀਜੀਵੀਆਂ ਨੇ ਵੀ ਆਪਣੀ ਰਾਇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਯੂਸੀਸੀ ਸਬੰਧੀ ਸਾਰੀਆਂ ਟਿੱਪਣੀਆਂ ਤੇ ਲੋਕਾਂ ਦੀ ਰਾਇ ਨੂੰ ਖਰੜਾ ਦਸਤਾਵੇਜ਼ ਵਿਚ ਸ਼ਾਮਲ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਜਲਦੀ ਹੀ ਆਖਰੀ ਖਰੜਾ ਜਮ੍ਹਾ ਕਰਵਾ ਦੇਵੇਗੀ। ਇਸ ਤੋਂ ਬਾਅਦ ਇਸ ਨੂੰ ਕਾਨੂੰਨੀ ਸਮੀਖਿਆ ਵਿਚੋਂ ਲੰਘਾਇਆ ਜਾਵੇਗਾ ਤੇ ਮਗਰੋਂ ਯੂਸੀਸੀ ਨੂੰ ਲਾਗੂ ਕਰਨ ਵੱਲ ਵਧਿਆ ਜਾਵੇਗਾ। -ਏਐੱਨਆਈ