ਸ੍ਰੀਨਗਰ, 18 ਅਗਸਤ
ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਰਥਿਕ ਉਭਾਰ ਲਈ ਯੋਜਨਾਬੰਦੀ ਅਤੇ ਤਜਵੀਜ਼ ਤਿਆਰ ਕਰਨ ਲਈ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਇਸ ਤਹਿਤ ਕਾਰੋਬਾਰੀਆਂ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਰਾਜ ਭਵਨ ਵਿਚ ਅੱਜ ਕਸ਼ਮੀਰ ਚੈਂਬਰ ਆਫ ਕਾਮਰਸ ਤੇ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਮਗਰੋਂ ਇਸ ਬਾਰੇ ਐਲਾਨ ਕੀਤਾ ਗਿਆ। ਕਸ਼ਮੀਰ ਚੈਂਬਰ ਆਫ ਕਾਮਰਸ ਤੇ ਇੰਡਸਟਰੀ ਦੇ ਪ੍ਰਧਾਨ ਸ਼ੇਖ ਆਸ਼ਿਕ ਹੁਸੈਨ ਨੇ ਲੈਫ਼ਟੀਨੈਂਟ ਗਵਰਨਰ ਨੂੰ ਉਦਯੋਗ, ਮਹਿਮਾਨਨਿਵਾਜ਼ੀ, ਹਸਤਕਲਾ, ਹਾਊਸ ਬੋਟ, ਸੈਰ-ਸਪਾਟਾ, ਪ੍ਰਾਈਵੇਟ ਸਕੂਲ, ਸੇਬ ਭੰਡਾਰਨ ਤੇ ਹੋਰਨਾਂ ਸੈਕਟਰਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਬੁਲਾਰੇ ਨੇ ਕਿਹਾ ਕਿ ਮੁਲਾਕਾਤ ਕਾਰੋਬਾਰੀ ਭਾਈਚਾਰੇ ਦੀਆਂ ਮੁਸ਼ਕਲਾਂ ਤੇ ਹੋਰਨਾਂ ਮੁੱਦਿਆਂ ਬਾਰੇ ਜਾਣਕਾਰੀ ਲੈਣ ਲਈ ਰੱਖੀ ਗਈ ਸੀ। ਬੈਠਕ ਵਿਚ ਮੁਫ਼ਤ ਬਿਜਲੀ ਦੀ ਸਹੂਲਤ ਵਿਚ ਵਾਧਾ ਕਰਨ, ਨਵੀਨੀਕਰਨ ਤੇ ਰਜਿਸਟਰੇਸ਼ਨ ਕਰਵਾਉਣ ਬਾਰੇ ਨੀਤੀਆਂ ਉਤੇ ਵੀ ਚਰਚਾ ਹੋਈ। ਕਾਇਮ ਕੀਤੀ ਜਾਣ ਵਾਲੀ ਕਮੇਟੀ ਦੀ ਅਗਵਾਈ ਲੈਫ਼ਟੀਨੈਂਟ ਗਵਰਨਰ ਦੇ ਸਲਾਹਕਾਰ ਕੇਵਲ ਕੁਮਾਰ ਸ਼ਰਮਾ ਕਰਨਗੇ। ਇਸ ਵਿਚ ਵਿੱਤ ਕਮਿਸ਼ਨਰ, ਉਦਯੋਗ, ਸੈਰ-ਸਪਾਟਾ ਵਿਭਾਗ ਤੇ ਬੈਂਕਾਂ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਕਮੇਟੀ ਪਹਿਲੀ ਸਤੰਬਰ ’ਚ ਆਪਣੀ ਰਿਪੋਰਟ ਸੌਂਪੇਗੀ। -ਪੀਟੀਆਈ