ਮੁੰਬਈ, 27 ਦਸੰਬਰ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਹੈ ਕਿ ਰਾਜਪਾਲ ਸੂਬਾ ਕੈਬਨਿਟ ਦੀਆਂ ਸਿਫ਼ਾਰਸ਼ਾਂ ਮੰਨਣ ਲਈ ਵਚਨਬੱਧ ਹੈ। ਮਹਾਰਾਸ਼ਟਰ ਸਰਕਾਰ ਦੇ ਇਕ ਵਫ਼ਦ ਨੇ ਐਤਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਉਹ ਵਿਧਾਨ ਸਭਾ ਸਪੀਕਰ ਦੀ ਚੋਣ ਵਾਸਤੇ ਪ੍ਰਵਾਨਗੀ ਦੇਣ। ਉਨ੍ਹਾਂ ਬੈਲੇਟ ਦੀ ਥਾਂ ’ਤੇ ਜ਼ੁਬਾਨੀ ਵੋਟਾਂ ਰਾਹੀਂ ਸਪੀਕਰ ਦੀ ਚੋਣ ਕਰਾਉਣ ਸਬੰਧੀ ਨੇਮਾਂ ’ਚ ਸੋਧ ਦੇ ਵੇਰਵੇ ਮੰਗੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ,‘‘ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਧਿਐਨ ਬਹੁਤ ਕਰਦੇ ਹਨ। ਲੋਕਤੰਤਰ ’ਚ ਇੰਨਾ ਅਧਿਐਨ ਠੀਕ ਨਹੀਂ ਹੈ। ਲੋਕਾਂ ਦੀ ਆਵਾਜ਼ ਸੁਣਨ ਵੱਲ ਧਿਆਨ ਦੇਣਾ ਚਾਹੀਦਾ ਹੈ।’’ ਜ਼ਿਕਰਯੋਗ ਹੈ ਕਿ ਨਾਨਾ ਪਟੋਲੇ ਵੱਲੋਂ ਅਸਤੀਫ਼ਾ ਦੇਣ ਮਗਰੋਂ ਵਿਧਾਨ ਸਭਾ ਸਪੀਕਰ ਦਾ ਅਹੁਦਾ ਫਰਵਰੀ ਤੋਂ ਖਾਲੀ ਪਿਆ ਹੈ। ਉਧਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਵਿਧਾਇਕ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਜਿਸ ਢੰਗ ਨਾਲ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਅਪਮਾਨ ਕੀਤਾ ਹੈ, ਉਸ ਨਾਲ ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ। ਵਿਧਾਨ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਟਿਲ ਨੇ ਕਿਹਾ ਕਿ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਐੱਮਵੀਏ ਸਰਕਾਰ ਨੇ ਨਵੇਂ ਸਪੀਕਰ ਦੀ ਚੋਣ ਲਈ ਨੇਮਾਂ ਨੂੰ ਬਦਲ ਦਿੱਤਾ ਹੈ। ਪਾਟਿਲ ਵੱਲੋਂ ਸੂਬੇ ’ਚ ਰਾਸ਼ਟਰਪਤੀ ਰਾਜ ਲਾਏ ਜਾਣ ਦੀ ਧਮਕੀ ’ਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਹੇਠਲੀ ਸਰਕਾਰ ਨੂੰ ਵਿਧਾਨ ਸਭਾ ’ਚ ਪੂਰਨ ਬਹੁਮੱਤ ਹਾਸਲ ਹੈ ਅਤੇ ਲੋਕ ਅਜਿਹੇ ਬਿਆਨਾਂ ਵੱਲ ਧਿਆਨ ਨਹੀਂ ਦਿੰਦੇ ਹਨ। -ਪੀਟੀਆਈ