ਨਵੀਂ ਦਿੱਲੀ, 7 ਜਨਵਰੀ
ਐੱਨਸੀਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਪ੍ਰੇਸ਼ਾਨ ਕਰਨ ਸਬੰਧੀ ਸ਼ਿਕਾਇਤ ’ਤੇ ਅਨੁਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ ਨੇ ਮੁੰਬਈ ਪੁਲੀਸ ਕਮਿਸ਼ਨਰ ਹੇਮੰਤ ਨਗਰਾਲੇ ਨੂੰ 31 ਜਨਵਰੀ ਨੂੰ ਇਥੇ ਪੇਸ਼ ਹੋਣ ਲਈ ਕਿਹਾ ਹੈ। ਇਸ ਦੌਰਾਨ ਵਾਨਖੇੜੇ ਨੂੰ ਵੀ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨਾਲ ਜੁੜੇ ਕਰੂਜ਼ ਡਰੱਗਜ਼ ਕੇਸ ਦੀ ਜਾਂਚ ਕਰ ਰਹੇ ਵਾਨਖੇੜੇ ’ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਦੋਸ਼ ਲਾਏ ਸਨ ਕਿ ਉਸ ਨੇ ਜਾਤ ਦੇ ਫਰਜ਼ੀ ਸਰਟੀਫਿਕੇਟ ਰਾਹੀਂ ਨੌਕਰੀ ਹਾਸਲ ਕੀਤੀ ਹੈ। ਵਾਨਖੇੜੇ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ਨੇ ਇਸ ਦੀ ਸ਼ਿਕਾਇਤ ਕਮਿਸ਼ਨ ਕੋਲ ਕੀਤੀ ਸੀ। ਕਮਿਸ਼ਨ ਨੇ ਮਹਾਰਾਸ਼ਟਰ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਜਾਂਚ ਹੋਣ ਤੱਕ ਇਸ ਮਾਮਲੇ ਬਾਰੇ ਕੋਈ ਅੰਤਿਮ ਫ਼ੈਸਲਾ ਨਾ ਲਵੇ। ਵਾਨਖੇੜੇ ਦਾ ਨਾਰਕੋਟਿਕਸ ਕੰਟਰੋਲ ਬਿਊਰੋ ’ਚ ਕਾਰਜਕਾਲ 31 ਦਸੰਬਰ, 2021 ਨੂੰ ਮੁਕੰਮਲ ਹੋ ਗਿਆ ਸੀ ਅਤੇ ਉਸ ਨੂੰ ਹੁਣ ਆਪਣੇ ਪਿੱਤਰੀ ਕਾਡਰ ਡਾਇਰੈਕਟਰ ਆਫ਼ ਰੈਵੇਨਿਊ ਇੰਟੈਲੀਜੈਂਸ ’ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੂੰ ਜਾਰੀ ਲਿਖਤੀ ਨਿਰਦੇਸ਼ ’ਚ ਐੱਨਸੀਐੱਸੀ ਡਾਇਰੈਕਟਰ ਨੇ ਕਿਹਾ, ‘ਪ੍ਰਧਾਨ ਵਿਜੈ ਸਾਂਪਲਾ ਨੇ 31 ਜਨਵਰੀ ਨੂੰ ਸਵੇਰੇ 11 ਵਜੇ ਲੋਕਨਾਇਕ ਭਵਨ ਨਵੀਂ ਦਿੱਲੀ ’ਚ ਆਪਣੇ ਕਮਰੇ ਵਿੱਚ ਸਾਰਿਆਂ ਨਾਲ ਨਿੱਜੀ ਤੌਰ ’ਤੇ ਇੱਕ ਮੀਟਿੰਗ ਰੱਖੀ ਹੈ। -ਪੀਟੀਆਈ