ਮੁੰਬਈ: ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ਼ ਅੱਜ ਮੁੜ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਸਿੰਘ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਦਾਇਰ ਭ੍ਰਿਸ਼ਟਾਚਾਰ ਨਾਲ ਜੁੜੇ ਕੇਸ ਵਿੱਚ ਕਮਿਸ਼ਨ ਅੱਗੇ ਪੇਸ਼ ਹੋਣ ਵਿੱਚ ਨਾਕਾਮ ਰਿਹਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਸ਼ਿਸ਼ਿਰ ਹੀਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਹਾਰਾਸ਼ਟਰ ਸਰਕਾਰ ਨੇ ਸਿੰਘ ਵੱਲੋਂ ਦੇਸ਼ਮੁਖ ਖ਼ਿਲਾਫ਼ ਲਾਏ ਦੋਸ਼ਾਂ ਦੀ ਜਾਂਚ ਲਈ ਇਸ ਸਾਲ ਮਾਰਚ ਵਿੱਚ ਸੇਵਾ ਮੁਕਤ ਜੱਜ ਕੈਲਾਸ਼ ਉੱਤਮਚੰਦ ਚੰਡੀਵਾਲ ਦੀ ਅਗਵਾਈ ਵਿੱਚ ਇਕ ਮੈਂਬਰੀ ਕਮਿਸ਼ਨ ਗਠਿਤ ਕੀਤਾ ਗਿਆ ਸੀ। ਕਮਿਸ਼ਨ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੰਘ ਨੂੰ ਪੇਸ਼ ਹੋਣ ’ਚ ਨਾਕਾਮ ਰਹਿਣ ’ਤੇ ਸੰਮਨ ਭੇਜੇ ਸਨ। ਕਮਿਸ਼ਨ ਨੇ 7 ਸਤੰਬਰ ਨੂੰ ਸਿੰਘ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਪਰ ਇਨ੍ਹਾਂ ਦੇ ਸਿੰਘ ਤੱਕ ਨਾ ਪੁੱਜਣ ਕਰਕੇ 6 ਅਕਤੂਬਰ ਤੱਕ ਲਈ ਮੁੜ ਜਾਰੀ ਕੀਤੇ ਗਏ ਹਨ। -ਪੀਟੀਆਈ