ਨਵੀਂ ਦਿੱਲੀ: ਕਾਮੇਡੀਅਨ ਅਦਾਕਾਰ ਰਾਜੂ ਸ੍ਰੀਵਾਸਤਵ(58) ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ ਪਿਛਲੇ 40 ਦਿਨਾਂ ਤੋਂ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਦਿੱਲੀ ਦੇ ਹੋਟਲ ਵਿੱਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈਣ ਮਗਰੋਂ 10 ਅਗਸਤ ਨੂੰ ਏਮਸ ਲਿਆਂਦਾ ਗਿਆ ਸੀ। ਇਥੇ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ ਤੇ ਉਦੋਂ ਤੋਂ ਉਹ ਵੈਂਟੀਲੇਟਰ ’ਤੇ ਬੇਸੁਰਤ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕਰਕੇ ਸ੍ਰੀਵਾਸਤਵ ਨੂੰ ਸ਼ਰਧਾਂਜਲੀ ਦਿੱਤੀ। ਯੂਪੀ ਅਸੈਂਬਲੀ ਨੇ ਸ੍ਰੀਵਾਸਤਵ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ। ਇਸ ਦੌਰਾਨ ਬੌਲੀਵੁੱਡ ਅਦਾਕਾਰਾਂ ਨੇ ਵੀ ਸ੍ਰੀਵਾਸਤਵ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀਵਾਸਤਵ ਦੇ ਪਰਿਵਾਰ ਵਿੱਚ ਪਤਨੀ ਤੇ ਦੋ ਬੱਚੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ ਹੋਵੇਗਾ। ਭਰਾ ਦੀਪੂ ਸ੍ਰੀਵਾਸਤਵ ਨੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਮੈਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਉਹ ਨਹੀਂ ਰਹੇ। ਇਹ ਬਹੁਤ ਮੰਦਭਾਗੀ ਖ਼ਬਰ ਹੈ। ਉਹ ਪਿਛਲੇ 40 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ।’’ ਹਸਪਤਾਲ ਦੇ ਸੂਤਰਾਂ ਮੁਤਾਬਕ ਸ੍ਰੀਵਾਸਤਵ ਨੇ ਅੱਜ ਸਵੇੇਰੇ 10:20 ਵਜੇ ਆਖਰੀ ਸਾਹ ਲਏ। -ਪੀਟੀਆਈ