ਆਤਿਸ਼ ਗੁਪਤਾ
ਚੰਡੀਗੜ੍ਹ, 18 ਜਨਵਰੀ
ਮੁੱਖ ਅੰਸ਼
- 22 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਚੱਲ ਰਹੀ ਸੀਤ ਲਹਿਰ ਨੇ ਮੈਦਾਨੀ ਇਲਾਕੇ ਠਾਰ ਕੇ ਰੱਖ ਦਿੱਤੇ ਹਨ। ਸੂਬੇ ’ਚ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਘਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਪੰਜਾਬ ਦੇ ਸਾਰੇ ਜ਼ਿਆਦਾ ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ ਸ਼ਿਮਲਾ ਦੇ ਘੱਟੋ ਘੱਟ ਤਾਪਮਾਨ ਦੇ ਨੇੜੇ ਜਾਂ ਉਸ ਨਾਲੋਂ ਘੱਟ ਦਰਜ ਕੀਤਾ ਗਿਆ। ਲੁਧਿਆਣਾ ਤੇ ਗੁਰਦਾਸਪੁਰ ਵਿੱਚ ਪੰਜਾਬ ’ਚ ਸਭ ਤੋਂ ਠੰਢੀਆਂ ਥਾਵਾਂ ਰਹੀਆਂ ਅਤੇ ਲੁਧਿਆਣਾ ਦਾ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਅਤੇ 22 ਜਨਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ, ਪਟਿਆਲਾ ’ਚ 7.6 ਡਿਗਰੀ ਸੈਲਸੀਅਸ, ਪਠਾਨਕੋਟ ’ਚ 11.3 ਡਿਗਰੀ ਸੈਲਸੀਅਸ, ਬਠਿੰਡਾ ’ਚ 7 ਡਿਗਰੀ ਸੈਲਸੀਅਸ, ਫਰੀਦਕੋਟ ’ਚ 8 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ’ਚ 7.6 ਡਿਗਰੀ ਸੈਲਸੀਅਸ, ਬਰਨਾਲਾ ’ਚ 8.5 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ ’ਚ 8 ਡਿਗਰੀ ਸੈਲਸੀਅਸ, ਫਿਰੋਜ਼ਪੁਰ ’ਚ 9.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ 6.7 ਡਿਗਰੀ ਸੈਲਸੀਅਸ, ਕਪੂਰਥਲਾ ’ਚ 9 ਡਿਗਰੀ ਸੈਲਸੀਅਸ, ਮੋਗਾ ’ਚ 9.9 ਡਿਗਰੀ ਸੈਲਸੀਅਸ, ਮੁਕਤਸਰ ’ਚ 7.7 ਡਿਗਰੀ ਸੈਲਸੀਅਸ, ਰੋਪੜ ’ਚ 7.3 ਅਤੇ ਸੰਗਰੂਰ ’ਚ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਿਹਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 19 ਤੋਂ 21 ਜਨਵਰੀ ਤੱਕ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਵਿੱਚ ਸੀਤ ਹਵਾਵਾਂ ਚੱਲਣ ਕਰਕੇ ਠੰਢ ਹੋਰ ਵਧ ਸਕਦੀ ਹੈ ਜਦਕਿ 22 ਜਨਵਰੀ ਨੂੰ ਸੂਬੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦਾ ਸੰਭਾਵਨਾ ਹੈ। ਦੂਜੇ ਪਾਸੇ ਜ਼ੋਰਦਾਰ ਠੰਢ ਕਾਰਨ ਆਮ ਜੀਵਨ ਪ੍ਰਭਾਵਿਤ ਰਿਹਾ ਤੇ ਰੋਜ਼ਾਨਾ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਠੰਢ ਕਾਰਨ ਵੱਧ ਗਈਆਂ ਹਨ।
ਫ਼ੌਜ ਨੇ ਬਰਫ਼ਬਾਰੀ ਵਿੱਚ ਫਸੇ 30 ਨਾਗਰਿਕਾਂ ਨੂੰ ਬਚਾਇਆ
ਸ੍ਰੀਨਗਰ: ਭਾਰਤੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਬਰਫ਼ਬਾਰੀ ਕਾਰਨ ਫਸੇ 30 ਤੋਂ ਵੱਧ ਆਮ ਨਾਗਰਿਕਾਂ ਨੂੰ ਬਚਾਅ ਲਿਆ ਹੈ। ਇਨ੍ਹਾਂ ਨਾਗਰਿਕਾਂ ਦੇ ਵਾਹਨ ਬਰਫ਼ ਦੇ ਤੋਦਿਆਂ ਵਿੱਚ ਫਸ ਗਏ ਸਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਲੋਕਾਂ ਨੂੰ ਲਿਜਾ ਰਿਹਾ ਇੱਕ ਵਾਹਨ ਟੰਗਧਾਰ-ਚੌਕੀਬਲ ਵਿਚਕਾਰ ਸੋਮਵਾਰ ਨੂੰ ਬਰਫ਼ ਵਿੱਚ ਫਸ ਗਿਆ ਸੀ। ਫੌਜ ਦੀ ਨੇੜਲੀ ਯੂਨਿਟ ਨੇ ਸੂਚਨਾ ਮਿਲਣ ਮਗਰੋਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ਫ਼ੌਜ ਦੀ ਬਚਾਅ ਟੀਮ ਨੇ ਉੱਥੋਂ ਸੁਰੱਖਿਤ ਕੱਢ ਲਿਆ। ਵਾਹਨ ਨੂੰ ਵੀ ਬਰਫ਼ ਵਿੱਚੋਂ ਕੱਢ ਲਿਆ ਗਿਆ ਹੈ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ 16 ਨਾਗਰਿਕਾਂ ਦਾ ਇੱਕ ਹੋਰ ਗਰੁੱਪ ਇਸੇ ਸੜਕ ’ਤੇ ਕੁੱਝ ਦੂਰ ਫਸ ਗਿਆ ਸੀ, ਜਿਨ੍ਹਾਂ ਨੂੰ ਫ਼ੌਜ ਦੇ ਜਵਾਨਾਂ ਨੇ ਬਚਾਇਆ। ਉਨ੍ਹਾਂ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਖਾਣਾ, ਮੈਡੀਕਲ ਸਹੂਲਤ ਅਤੇ ਰਾਤ ਲਈ ਸ਼ਰਨ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਅੱਜ ਸੜਕ ਤੋਂ ਬਰਫ਼ ਸਾਫ਼ ਕਰਨ ਮਗਰੋਂ 12 ਵਾਹਨਾਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਅਪਰੇਸ਼ਨ ਵਿੱਚ ਪੰਜ-ਛੇ ਘੰਟੇ ਲੱਗੇ। -ਪੀਟੀਆਈ
ਮੈਦਾਨਾਂ ’ਚ ਮੀਂਹ ਤੇ ਪਹਾੜਾਂ ’ਚ ਬਰਫ਼ਬਾਰੀ ਦੀ ਪੇਸ਼ੀਨਗੋਈ
ਨਵੀਂ ਦਿੱਲੀ/ਸ੍ਰੀਨਗਰ: ਮੌਸਮ ਵਿਭਾਗ ਨੇ ਅੱਜ ਅਗਲੇ ਛੇ ਦਿਨ ਦਿੱਲੀ-ਐੱਨਸੀਆਰ ਖੇਤਰ ’ਚ ਬੱਦਲਵਾਈ ਰਹਿਣ ਅਤੇ 21 ਤੋਂ 23 ਜਨਵਰੀ ਤੱਕ ਹਲਕੇ ਮੀਂਹ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਅੱਜ ਘੱਟੋ ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਵਿਭਾਗ ਨੇ ਅਗਲੇ ਚੌਵੀ ਘੰਟਿਆਂ ਦਰਮਿਆਨ ਜੰਮੂ ਖੇਤਰ ’ਚ ਮੀਂਹ ਜਦਕਿ ਕਸ਼ਮੀਰ ਤੇ ਲੱਦਾਖ ’ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ’ਚ ਸਖਤ ਠੰਢ ਦਾ ਦੌਰ ਬਰਕਰਾਰ ਰਿਹਾ ਤੇ ਘੱਟੋ ਘੱਟ ਤਾਪਮਾਨ ਮਨਫੀ ਦੇ ਨੇੜੇ ਬਣਿਆ ਰਿਹਾ। -ਆਈਏਐੱਨਐੱਸ