ਮੁੱਖ ਅੰਸ਼
- ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੀ ਦਿੱਤੀ ਸਲਾਹ
- ਸਿਹਤ ਮੰਤਰਾਲੇ ਨੇ ਪਿੰਡਾਂਵਿੱਚ ਕਰੋਨਾ ਫੈਲਣ ਮਗਰੋਂ ਜਾਰੀ ਕੀਤੀਆਂ ਹਦਾਇਤਾਂ
-
ਰੈਪਿਡ ਐਂਟੀਜਨ ਟੈਸਟ ਕਿੱਟਾਂ ਅਤੇ ਮੈਡੀਕਲ ਕਿੱਟਾਂ ਮੁਹੱਈਆ ਕਰਾਉਣ ਲਈ ਕਿਹਾ
ਨਵੀਂ ਦਿੱਲੀ, 16 ਮਈ
ਕਰੋਨਾ ਦਾ ਕਹਿਰ ਪਿੰਡਾਂ ’ਚ ਟੁੱਟਣ ਮਗਰੋਂ ਕੇਂਦਰ ਸਰਕਾਰ ਨੇ ਅੱਜ ਵਾਇਰਸ ਨਾਲ ਸਿੱਝਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿੰਡਾਂ ਅਤੇ ਨੀਮ ਸ਼ਹਿਰੀ ਕਸਬਿਆਂ ’ਚ ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਲਕੇ ਲੱਛਣਾਂ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰਾਂ ’ਚ ਇਕਾਂਤਵਾਸ ਦੀ ਥਾਂ ’ਤੇ ਉਥੇ ਰੱਖਿਆ ਜਾ ਸਕੇ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਕਿੱਟਾਂ ਉਪ ਕੇਂਦਰਾਂ ਜਾਂ ਸਿਹਤ ਤੇ ਵੈੱਲਨੈੱਸ ਸੈਂਟਰਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਸਮੇਤ ਸਾਰੇ ਜਨ-ਸਿਹਤ ਕੇਂਦਰਾਂ ’ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ, ਸ਼ਹਿਰਾਂ ਨਾਲ ਲਗਦੇ ਕਸਬਿਆਂ ਅਤੇ ਆਦਿਵਾਸੀ ਇਲਾਕਿਆਂ ’ਚ ਕਰੋਨਾ ਦੀ ਲਾਗ ਫੈਲਣ ਮਗਰੋਂ ਸਿਹਤ ਮੰਤਰਾਲੇ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਥਾਨਕ ਪੱਧਰ ’ਤੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ’ਚ ਕਰੋਨਾ ਦੇ ਸ਼ੱਕੀ ਜਾਂ ਪੀੜਤ ਵਿਅਕਤੀਆਂ ਨੂੰ ਦਾਖ਼ਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਲਈ ਵੱਖਰਾ ਸਥਾਨ ਹੋਣਾ ਚਾਹੀਦਾ ਹੈ ਜਿਥੋਂ ਉਹ ਅੰਦਰ ਅਤੇ ਬਾਹਰ ਆ-ਜਾ ਸਕਣ। ਸ਼ੱਕੀ ਅਤੇ ਬਿਮਾਰ ਮਰੀਜ਼ਾਂ ਨੂੰ ਕਿਸੇ ਵੀ ਹਾਲਤ ’ਚ ਮਿਲਣ-ਜੁਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਹਦਾਇਤਾਂ ਮੁਤਾਬਕ ਹਰੇਕ ਪਿੰਡ ’ਚ ਫਲੂ ਵਰਗੀ ਬਿਮਾਰੀ ਅਤੇ ਸਾਹ ਲੈਣ ਦੀ ਤਕਲੀਫ਼ ਵਾਲੇ ਕੇਸਾਂ ਦੀ ਸਮੇਂ ਸਮੇਂ ਸਿਰ ਆਸ਼ਾ ਵਰਕਰਾਂ ਵੱਲੋਂ ਪਿੰਡ ਦੇ ਸਿਹਤ ਸੈਨੀਟਸ਼ਨ ਅਤੇ ਨਿਊਟ੍ਰੀਸ਼ਨ ਕਮੇਟੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀਆਂ ਦਾ ਸਮੁਦਾਇਕ ਸਿਹਤ ਅਧਿਕਾਰੀ ਨਾਲ ਟੈਲੀਫੋਨ ’ਤੇ ਇਲਾਜ ਕੀਤਾ ਜਾਵੇ ਅਤੇ ਘੱਟ ਆਕਸੀਜਨ ਜਾਂ ਸਾਹ ’ਚ ਤਕਲੀਫ਼ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਕੇਂਦਰਾਂ ’ਚ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ’ਚ ਢੁੱਕਵੇਂ ਆਕਸੀਮੀਟਰਾਂ ਅਤੇ ਥਰਮਾਮੀਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਮੋਹਰਲੀ ਕਤਾਰ ਦੇ ਵਰਕਰਾਂ, ਵਾਲੰਟੀਅਰਾਂ ਆਦਿ ਵੱਲੋਂ ਇਕਾਂਤਵਾਸ ’ਚ ਰਹਿ ਰਹੇ ਮਰੀਜ਼ਾਂ ਦਾ ਹਾਲ-ਚਾਲ ਨਿਯਮਤ ਤੌਰ ’ਤੇ ਲਿਆ ਜਾਵੇ। ਹਦਾਇਤਾਂ ਮੁਤਾਬਕ ਅਜਿਹੇ ਸਾਰੇ ਕੇਸਾਂ ਲਈ ਘਰੇਲੂ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਿਸ ’ਚ ਦਵਾਈਆਂ ਦੇ ਨਾਲ ਨਾਲ ਇਹਤਿਆਤ ਰੱਖੇ ਜਾਣ ਵਾਲੇ ਪਰਚੇ ਵੀ ਹੋਣੇ ਚਾਹੀਦੇ ਹਨ। ਕੋਵਿਡ ਕੇਅਰ ਸੈਂਟਰ ਸਕੂਲਾਂ, ਕਮਿਊਨਿਟੀ ਹਾਲਾਂ, ਮੈਰਿਜ ਹਾਲਾਂ, ਪੰਚਾਇਤ ਇਮਾਰਤਾਂ ਅਤੇ ਹੋਰ ਖੁੱਲ੍ਹੇ ਸਥਾਨਾਂ ’ਤੇ ਵੀ ਬਣਾਏ ਜਾ ਸਕਦੇ ਹਨ। ਇਹ ਸੈਂਟਰ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ ਘੱਟ ਇਕ ਕੋਵਿਡ ਹਸਪਤਾਲ ਨਾਲ ਜੁੜੇ ਹੋਣੇ ਚਾਹੀਦੇ ਹਨ ਤਾਂ ਜੋ ਹਾਲਤ ਗੰਭੀਰ ਹੋਣ ਮਗਰੋਂ ਮਰੀਜ਼ਾਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ। -ਪੀਟੀਆਈ
ਪਿੰਡਾਂ ਵਿੱਚ ‘ਕੋਵਿਡ ਫਤਿਹ’ ਪ੍ਰੋਗਰਾਮ ਚਲਾਉਣ ਦੇ ਆਦੇਸ਼
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਿੱਚ ਕਰੋਨਾ ਦੀ ਰੋਕਥਾਮ ਲਈ ‘ਕੋਵਿਡ ਫਤਿਹ’ ਪ੍ਰੋਗਰਾਮ ਚਲਾਉਣ ਦੇ ਆਦੇਸ਼ ਦਿੱਤੇ ਹਨ। ਇਸ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਘਰ-ਘਰ ਪਹੁੰਚ ਕੇ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਰੋਨਾ ਟੀਕਾਕਰਨ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪਾਵਰਕਾਮ ਨੂੰ ਹਦਾਇਤ ਦਿੱਤੀ ਕਿ ਹਸਪਤਾਲਾਂ ਵਿੱਚ ਬਿਨਾਂ ਰੁਕਾਵਟ ਬਿਜਲੀ ਸਪਲਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ ਯਕੀਨੀ ਬਣਾਈ ਜਾਵੇਗੀ।
ਕਰੋਨਾ: ਪਾਜ਼ੇਟੀਵਿਟੀ ਦਰ ਘਟ ਕੇ 16.98 ਫ਼ੀਸਦ ’ਤੇ ਪਹੁੰਚੀ
ਨਵੀਂ ਦਿੱਲੀ: ਦੇਸ਼ ’ਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 36,18,458 ਰਹਿ ਗਈ ਹੈ। ਪਿਛਲੇ 24 ਘੰਟਿਆਂ ’ਚ 55,344 ਸਰਗਰਮ ਕੇਸ ਘਟੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਰੋਜ਼ਾਨਾ ਦੇ ਪਾਜ਼ੇਟੀਵਿਟੀ ਕੇਸਾਂ ਦੀ ਦਰ ਘੱਟ ਕੇ 16.98 ਫ਼ੀਸਦ ’ਤੇ ਆ ਗਈ ਹੈ। ਦੋ ਕੁ ਹਫ਼ਤੇ ਪਹਿਲਾ 3 ਮਈ ਨੂੰ ਇਹ ਦਰ 24.47 ਫ਼ੀਸਦ ਦਰਜ ਹੋਈ ਸੀ। ਦੇਸ਼ ’ਚ ਹੁਣ ਕੁੱਲ ਸਰਗਰਮ ਕੇਸਾਂ ਦੀ ਦਰ 14.66 ਫ਼ੀਸਦ ਰਹਿ ਗਈ ਹੈ। ਪਿਛਲੇ 24 ਘੰਟਿਆਂ ’ਚ ਕਰੋਨਾ ਕਾਰਨ 4,077 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 3,11,170 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਕਿਹਾ ਕਿ ਮੁਲਕ ਦੇ ਕੁੱਲ ਸਰਗਰਮ ਕੇਸਾਂ ’ਚੋਂ 10 ਸੂਬਿਆਂ ਕਰਨਾਟਕ, ਮਹਾਰਾਸ਼ਟਰ, ਕੇਰਲਾ, ਰਾਜਸਥਾਨ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ ਅਤੇ ਛੱਤੀਸਗੜ੍ਹ ’ਚ 74.69 ਫ਼ੀਸਦ ਕਰੋਨਾ ਦੇ ਪੀੜਤ ਹਨ। ਪਿਛਲੇ 24 ਘੰਟਿਆਂ ’ਚ 3,62,431 ਮਰੀਜ਼ਾਂ ਦੇ ਠੀਕ ਹੋਣ ਨਾਲ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਕੇ 2,07,95,335 ਹੋ ਗਈ ਹੈ। ਪਿਛਲੇ ਛੇ ਦਿਨਾਂ ’ਚ ਪੰਜਵੀਂ ਵਾਰ ਹੈ ਕਿ ਰੋਜ਼ਾਨਾ ਦੇ ਕੋਵਿਡ-19 ਕੇਸਾਂ ਨਾਲੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। 10 ਸੂਬਿਆਂ ’ਚ ਸਿਹਤਯਾਬੀ ਦੀ ਦਰ 70.94 ਫ਼ੀਸਦ ਰਹੀ ਹੈ। ਪਿਛਲੇ 24 ਘੰਟਿਆਂ ’ਚ ਦਰਜ ਹੋਏ 3,11,170 ਨਵੇਂ ਕੇਸਾਂ ’ਚੋਂ ਕਰਨਾਟਕ, ਮਹਾਰਾਸ਼ਟਰ, ਤਾਮਿਲ ਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਉੜੀਸਾ ਅਤੇ ਹਰਿਆਣਾ ’ਚ 74.7 ਫ਼ੀਸਦ ਲਾਗ ਦੇ ਮਰੀਜ਼ ਸਾਹਮਣੇ ਆਏ ਹਨ। ਉਧਰ ਕੋਵਿਡ-19 ਵੈਕਸੀਨ ਲਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ 18.22 ਕਰੋੜ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 17 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਗਾਏ ਗਏ। -ਪੀਟੀਆਈ