ਕੋਲਕਾਤਾ, 23 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਨਰੂਲਾ ਬੈਨਰਜੀ ਤੋਂ ਕੋਲਕਾਤਾ ਸਥਿਤ ਆਪਣੇ ਦਫ਼ਤਰ ’ਚ ਕਰੋੜਾਂ ਰੁਪਏ ਕੋਲਾ ਚੋਰੀ ਘੁਟਾਲੇ ਦੀ ਜਾਂਚ ਦੇ ਸਿਲਸਿਲੇ ’ਚ ਪੁੱਛ ਪੜਤਾਲ ਕੀਤੀ। ਇਹ ਜਾਣਕਾਰੀ ਈਡੀ ਦੇ ਇੱਕ ਅਧਿਕਾਰੀ ਨੇ ਦਿੱਤੀ। ਰੁਜਿਰਾ ਇੱਥੇ ਸੀਜੀਓ ਕੰਪਲੈਕਸ ਸਥਿਤ ਈਡੀ ਦੇ ਦਫ਼ਤਰ ’ਚ ਸਵੇਰੇ 11 ਵਜੇ ਪਹੁੰਚੀ। ਉਸ ਸਮੇਂ ਉਸ ਦੀ ਗੋਦ ਵਿੱਚ ਉਸ ਦਾ ਬੇਟਾ ਸੀ।
ਅਧਿਕਾਰੀ ਨੇ ਦੱਸਿਆ ਕਿ ਦੋ ਮਹਿਲਾ ਅਧਿਕਾਰੀਆਂ ਸਮੇਤ ਚਾਰ ਅਧਿਕਾਰੀ ਰੁਜਿਰਾ ਤੋਂ ਪੁੱਛ ਪੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ, ‘ਅਸੀਂ ਉਨ੍ਹਾਂ ਦੇ ਬੈਂਕਾਕ ਵਿਚਲੇ ਖਾਤੇ ਤੋਂ ਕੀਤੇ ਗਏ ਕੁਝ ਲੈਣ-ਦੇਣ ਬਾਰੇ ਪੁੱਛ ਪੜਤਾਲ ਕਰ ਰਹੇ ਹਾਂ।’ ਉਨ੍ਹਾਂ ਦੇ ਜਵਾਬ ਦਾ ਮਿਲਾਨ ਉਨ੍ਹਾਂ ਲੋਕਾਂ ਦੇ ਬਿਆਨ ਨਾਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਇਸ ਮਾਮਲੇ ’ਚ ਪਹਿਲਾਂ ਪੁੱਛ ਪੜਤਾਲ ਕੀਤੀ ਗਈ ਸੀ। -ਪੀਟੀਆਈ
ਅਨਿਲ ਪਰਬ ਈਡੀ ਕੋਲ ਪੇਸ਼
ਮੁੰਬਈ: ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਮਨੀ ਲਾਂਡਰਿੰਗ ਮਾਮਲੇ ’ਚ ਦਰਜ ਕੇਸ ਦੇ ਸਿਲਸਿਲੇ ’ਚ ਅੱਜ ਲਗਾਤਾਰ ਤੀਜੇ ਦਿਨ ਈਡੀ ਕੋਲ ਪੇਸ਼ ਹੋਏ। ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਤਕਰੀਬਨ ਪੌਣੇ ਤਿੰਨ ਵਜੇ ਈਡੀ ਦੇ ਦਫ਼ਤਰ ਪਹੁੰਚੇ। ਉਨ੍ਹਾਂ ਦੱਸਿਆ ਕਿ ਈਡੀ ਵੱਲੋਂ ਉਨ੍ਹਾਂ ਤੋਂ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਦਾਪੋਲੀ ਤੱਟੀ ਖੇਤਰ ’ਚ ਸਾਈ ਰਿਜ਼ੌਰਟ ਦੇ ਨਿਰਮਾਣ ’ਚ ਤੱਟੀ ਰੈਗੂਲੇਸ਼ਨ ਜ਼ੋਨ ਦੀਆਂ ਮੱਦਾਂ ਦੀ ਕਥਿਤ ਉਲੰਘਣਾ ਨਾਲ ਸਬੰਧਤ ਕੇਸ ’ਚ ਪੁੱਛ ਪੜਤਾਲ ਕੀਤੀ ਜਾ ਰਹੀ ਸੀ। -ਪੀਟੀਆਈ