ਨਵੀਂ ਦਿੱਲੀ, 28 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਲਵਾਯੂ ਤਬਦੀਲੀ ਨਾ ਸਿਰਫ਼ ਖੇਤੀ ਸੈਕਟਰ ਲਈ ਬਲਕਿ ਪੂਰੇ ਵਾਤਵਾਰਨ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਧੇਰੇ ਯਤਨ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਾਂਝੇ ਯਤਨ ਕਰਨ ਤੇ ਡੂੰਘੀ ਖੋਜ ਦੀ ਲੋੜ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਜਲਵਾਯੂ ਤਬਦੀਲੀ ਖੇਤੀ ਉਤਪਾਦਨ ਤੇ ਸਬੰਧਤ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਫ਼ਸਲਾਂ ਦੀਆਂ 35 ਨਵੀਆਂ ਕਿਸਮਾਂ ਲਾਂਚ ਕੀਤੀਆਂ ਤੇ ਮਗਰੋਂ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਤੇ ਹੋਰ ਹਿੱਤਧਾਰਕਾਂ ਨਾਲ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿਚ ਵਿਗਿਆਨ ਤੇ ਤਕਨੀਕ ਦੀ ਵਰਤੋਂ ਖੇਤੀਬਾੜੀ ਖੇਤਰ ਵਿਚ ਤਰਜੀਹੀ ਅਧਾਰ ਉਤੇ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਤਕਨੀਕ ਤੇ ਨਵੇਂ ਖੇਤੀ ਉਪਕਰਨ ਭਵਿੱਖੀ ਖੇਤੀਬਾੜੀ ਦਾ ਕੇਂਦਰ ਹਨ। ਉਨ੍ਹਾਂ ਡਰੋਨਾਂ ਦੀ ਵਰਤੋਂ ਕਰ ਕੇ ਖੇਤੀ ਡੇਟਾ ਇਕੱਠਾ ਕਰਨ ਤੇ ਮੌਕੇ ਮੁਤਾਬਕ ਹੱਲ ਕੱਢਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਵਰਚੁਅਲ ਸਮਾਗਮ ਵਿਚ ਮੋਦੀ ਨੇ ਇਕ ਨਵੀਂ ਸੰਸਥਾ ਦਾ ਉਦਘਾਟਨ ਕੀਤਾ ਤੇ ਨਾਲ ਹੀ ਗਰੀਨ ਕੈਂਪਸ ਸਨਮਾਨ ਵੀ ਵੰਡੇ। -ਪੀਟੀਆਈ
ਮੰਤਰੀ ਪ੍ਰੀਸ਼ਦ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਪ੍ਰੀਸ਼ਦ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਮੰਤਰੀਆਂ ਨੇ ਰਿਪੋਰਟ ਪੇਸ਼ ਕੀਤੀ। ਸੱਤ ਜੁਲਾਈ ਨੂੰ ਮੰਤਰੀ ਮੰਡਲ ਵਿਚ ਫੇਰਬਦਲ ਮਗਰੋਂ ਇਹ ਪ੍ਰੀਸ਼ਦ ਦੀ ਚੌਥੀ ਮੀਟਿੰਗ ਸੀ। ਸੂਤਰਾਂ ਮੁਤਾਬਕ ਇਸ ਤਰ੍ਹਾਂ ਦੀਆਂ ਬੈਠਕਾਂ ਭਵਿੱਖ ਵਿਚ ਵੀ ਕੀਤੀਆਂ ਜਾਣਗੀਆਂ ਜੋ ਕਿ ਪ੍ਰਸ਼ਾਸਕੀ ਸੁਧਾਰਾਂ ਉਤੇ ਕੇਂਦਰਤ ਹੋਣਗੀਆਂ। -ਪੀਟੀਆਈ