ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ ’ਤੇ ਡਟੇ ਅੰਦੋਲਨਕਾਰੀਆਂ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਮੇਰਠ ਐਕਸਪ੍ਰੈੱਸ ਵੇਅ ਦੇ ਹੇਠਾਂ ਦਿੱਲੀ ਗੇਟ ਚੌਕ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਦੌਰਾਨ ਪੁਲੀਸ ਅਤੇ ਸ੍ਰੀ ਟਿਕੈਤ ਦਰਮਿਆਨ ਹਲਕੀ ਧੱਕਾ-ਮੁੱਕੀ ਹੋਈ।
ਮੁੱਖ ਅੰਸ਼
- ‘ਮਹਾਮਾਰੀ ਦੌਰਾਨ ਕਾਨੂੰਨ ਬਣਾਏ ਜਾ ਸਕਦੇ ਨੇ ਤਾਂ ਵਾਪਸ ਕਿਉਂ ਨਹੀਂ ਲਏ ਜਾ ਸਕਦੇ’
ਪੁਲੀਸ ਵੱਲੋਂ ਕਿਸਾਨਾਂ ਨੂੰ ਕੋਵਿਡ-19 ਦਾ ਹਵਾਲਾ ਦੇ ਕੇ ਪੁਤਲਾ ਫੂਕਣ ਤੋਂ ਵਰਜਿਆ ਜਾ ਰਿਹਾ ਸੀ ਪਰ ਕਿਸਾਨਾਂ ਨੇ ਪੁਤਲਾ ਫੂਕਣ ਦੇ ਨਾਲ ਨਾਲ ਕਾਲੇ ਝੰਡੇ ਲੈ ਕੇ ਮਾਰਚ ਵੀ ਕੱਢਿਆ। ਸ੍ਰੀ ਟਿਕੈਤ ਨੇ ਆਪਣੇ ਸੰਬੋਧਨ ’ਚ ਭਗਵਾਨ ਬੁੱਧ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਬੁੱਧ ਦੇ ਕਰਮ ਦੇ ਸਿਧਾਂਤ ਨੂੰ ਮੰਨਦੇ ਹੋਏ ਅੰਦੋਲਨ ਨੂੰ ਸ਼ਾਂਤੀ ਨਾਲ ਅੱਗੇ ਵਧਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰੀ ਖੇਤੀ ਕਾਨੂੰਨ ਰੱਦ ਹੋਣ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਟਿਕੈਤ ਨੇ ਕਿਹਾ ਕਿ ਉਨ੍ਹਾਂ ਕੌਮੀ ਤਿਰੰਗੇ ਝੰਡੇ ਨਾਲ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ ਪਰ ਫਿਰ ਅਧਿਕਾਰੀਆਂ ਦੇ ਇਤਰਾਜ਼ ਕਰਕੇ ਉਨ੍ਹਾਂ ਕਾਲੇ ਝੰਡੇ ਫਹਿਰਾਉਣ ਦਾ ਫੈਸਲਾ ਕੀਤਾ। ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕੋਵਿਡ ਮਹਾਮਾਰੀ ਦੌਰਾਨ ਕਾਨੂੰਨ ਬਣਾਏ ਜਾ ਸਕਦੇ ਹਨ ਤਾਂ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਵਾਪਸ ਕਿਉਂ ਨਹੀਂ ਲਿਆ ਜਾ ਸਕਦਾ ਹੈ। ਕਾਲੀ ਦਸਤਾਰ ’ਚ ਸਜੇ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਕਾਨੂੰਨ ਰੱਦ ਕਰਵਾਏ ਅਤੇ ਮੰਗਾਂ ਮੰਨੇ ਜਾਣ ਤੱਕ ਘਰਾਂ ਨੂੰ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅੰਦੋਲਨ ਨਾਕਾਮ ਹੋਇਆ ਤਾਂ ਫਿਰ ਸਰਕਾਰ ਆਪਣੀ ਮਨਮਾਨੀ ਕਰਨ ਲੱਗ ਪਵੇਗੀ।