ਰੋਸ ਮਾਰਚ ਦੌਰਾਨ ਟਰੈਫਿਕ ਵਿੱਚ ਟੀਐੱਮਸੀ ਵਿਧਾਇਕ ਦੀ ਗੱਡੀ ਫਸੀ; ਦੋਵਾਂ ਧੜੇ ਭਿੜੇ
ਕੋਲਕਾਤਾ, 5 ਸਤੰਬਰ
ਕੋਲਕਾਤਾ ਨੇੜੇ ਰਾਜਪੁਰ ਵਿੱਚ ਐਤਵਾਰ ਨੂੰ ਸੀਪੀਆਈ (ਐੱਮ) ਦੀ ਇਕਾਈ ਐੱਸਐੱਫਆਈ ਦੇ ਕਾਰਕੁਨਾਂ ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਕਾਰਕੁਨ ਸਕੂਲ ਤੇ ਕਾਲਜ ਖੋਲ੍ਹਣ ਦੀ ਮੰਗ ਲਈ ਮਾਰਚ ਕੱਢ ਰਹੇ ਸਨ। ਇਸੇ ਦੌਰਾਨ ਮਾਰਚ ਕਾਰਨ ਹੋਏ ਟਰੈਫਿਕ ਵਿੱਚ ਟੀਐੱਮਸੀ ਦੇ ਸੋਨਾਰਪੁਰ (ਦੱਖਣੀ) ਦੀ ਵਿਧਾਇਕ ਲਵਲੀ ਮੋਇਤਰਾ ਦੀ ਗੱਡੀ ਫਸ ਗਈ। ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਨ ਲੱਗੇ। ਇਸ ’ਤੇ ਮੋਇਤਰਾ ਨਾਲ ਮੌਜੂਦ ਟੀਐੱਮਸੀ ਸਮਰਥਕਾਂ ਤੇ ਐੱਸਐੱਫਆਈ ਕਾਰਕੁਨਾਂ ਵਿੱਚ ਬੋਲ-ਬੁਲਾਰਾ ਹੋ ਗਿਆ ਜੋ ਮਗਰੋਂ ਝੜਪ ਵਿੱਚ ਬਦਲ ਗਿਆ। ਇਸ ਝੜਪ ਵਿੱਚ ਦੋਵਾਂ ਧੜਿਆਂ ਦੇ ਕਈ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਮੌਕੇ ’ਤੇ ਭੇਜੀ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ।
ਐੱਸਐੱਫਆਈ ਆਗੂ ਨੇ ਦੱਸਿਆ,‘ਰੈਲੀ ਸੋਨਾਰਪੁਰ ਸਟੇਸ਼ਨ ਤੋਂ ਸ਼ੁਰੂ ਹੋਈ ਸੀ ਅਤੇ ਅਸੀਂ ਵਿਦਿਆਰਥੀਆਂ ਦੇ ਹਿੱਤ ਲਈ ਵਿੱਦਿਅਕ ਸੰਸਥਾਵਾਂ ਖੋਲ੍ਹਣ ਦੀ ਮੰਗ ਲਈ ਮਾਰਚ ਕੱਢ ਰਹੇ ਸਨ। ਇਸ ਦੀ ਬਕਾਇਦਾ ਪੁਲੀਸ ਤੋਂ ਪ੍ਰਵਾਨਗੀ ਲਈ ਗਈ ਸੀ। ਇਸੇ ਦੌਰਾਨ ਜਦੋਂ ਅਸੀਂ ਰਾਜਪੁਰ ਪਹੁੰਚੇ ਤਾਂ ਟੀਐੱਮਸੀ ਕਾਰਕੁਨ ਸਾਡੇ ਪਿੱਛੇ ਆ ਗਏ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।’
ਦੂਜੇ ਪਾਸੇ ਮੋਇਤਰਾ ਨੇ ਦੋਸ਼ ਲਾਇਆ ਕਿ ਜਦੋਂ ਉਸ ਦੀ ਗੱਡੀ ਟਰੈਫਿਕ ਵਿੱਚ ਫਸ ਗਈ ਤਾਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ’ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦਾ ਵਿਰੋਧ ਕਰਨ ’ਤੇ ਖੱਬੇਪੱਖੀ ਵਿਦਿਆਰਥੀਆਂ ਨੇ ਟੀਐੱਮਸੀ ਵਰਕਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। -ਪੀਟੀਆਈ