ਨਵੀਂ ਦਿੱਲੀ, 22 ਸਤੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਯੂਪੀ ਦੀ ਯੋਗੀ ਸਰਕਾਰ ਨੂੰ ਆਲੂ ਉਤਪਾਦਕ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹਵਾਲੇ ਨਾਲ ਘੇਰਦਿਆਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨੂੰ ਲੈ ਕੇ ‘ਝੂਠੇ ਦਾਅਵੇ’ ਕੀਤੇ ਜਾ ਰਹੇ ਹਨ ਜਦੋਂਕਿ ਸੱਚ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਮੁੱਲ ਵੀ ਨਹੀਂ ਮੁੜ ਰਿਹਾ। ਕਾਂਗਰਸ ਆਗੂ ਨੇ ਟਵਿੱਟਰ ’ਤੇ ਇਕ ਮੀਡੀਆ ਰਿਪੋਰਟ ਟੈਗ ਕਰਦਿਆਂ ਦਾਅਵਾ ਕੀਤਾ ਕਿ ਆਲੂ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ, ਜਿਸ ਨੇ ਯੂਪੀ ਦੇ ਕਿਸਾਨਾਂ ਦੇ ਫ਼ਿਕਰ ਵਧਾ ਦਿੱਤੇ ਹਨ। ਪ੍ਰਿਯੰਕਾ ਨੇ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਕਿਹਾ, ‘‘ਹੋਰਨਾਂ ਕਿਸਾਨਾਂ ਵਾਂਗ ਉੱਤਰ ਪ੍ਰਦੇਸ਼ ਦੇ ਆਲੂ ਉਤਪਾਦਕ ਕਿਸਾਨ ਵੀ ਫ਼ਿਕਰਮੰਦ ਹਨ। ਉਨ੍ਹਾਂ ਨੂੰ ਮਿਹਨਤ ਨਾਲ ਪਾਲੀ ਆਪਣੀ ਜਿਣਸ ਕੌਡੀਆਂ ਦੇ ਭਾਅ ਵੇਚਣੀ ਪੈ ਰਹੀ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ‘ਆਮਦਨ ਦੁੱਗਣੀ’ ਕਰਨ ਨੂੰ ਲੈ ਕੇ ਝੂਠੀ ਬਿਆਨਬਾਜ਼ੀ ਕਰ ਰਹੀ ਹੈ। -ਪੀਟੀਆਈ