ਨਵੀਂ ਦਿੱਲੀ, 4 ਫਰਵਰੀ
ਸੀਆਈਐੱਸਸੀਈ 10ਵੀਂ ਤੇ 12ਵੀਂ ਜਮਾਤ ਦੀਆਂ ਲਈਆਂ ਫਸਟ ਟਰਮ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ 7 ਫਰਵਰੀ ਨੂੰ ਕਰੇਗਾ। ਬੋਰਡ ਦੇ ਮੁੱਖ ਕਾਰਜਕਾਰੀ ਗੈਰੀ ਅਰਾਥੂਨ ਨੇ ਕਿਹਾ, ‘‘ਦਸਵੀਂ (ਆਈਸੀਐੱਸਈ) ਤੇ 12ਵੀਂ (ਆਈਐੱਸਸੀ) ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਸੋਮਵਾਰ 7 ਫਰਵਰੀ ਨੂੰ ਐਲਾਨਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਨਤੀਜੇ ਕਾਊਂਸਿਲ ਦੇ ਕੈਰੀਅਰਜ਼ ਪੋਰਟਲ ਤੇ ਵੈੱਬਸਾਈਟ ’ਤੇ ਲੌਗਇਨ ਕਰਕੇ ਅਤੇ ਐੱਸਐੱਮਐੱਸ ਜ਼ਰੀਏ ਵੇਖੇ ਜਾ ਸਕਦਾ ਹੈ। ਆਈਸੀਐੱਸਈ ਪ੍ਰੀਖਿਆਵਾਂ ਪਿਛਲੇ ਸਾਲ 29 ਨਵੰਬਰ ਤੋਂ 16 ਦਸੰਬਰ ਦਰਮਿਆਨ ਹੋਈਆਂ ਸਨ ਜਦੋਂਕਿ ਆਈਐੱਸਸੀ ਪ੍ਰੀਖਿਆ 22 ਨਵੰਬਰ ਤੋਂ 20 ਦਸੰਬਰ ਵਿਚਾਲੇ ਲਈ ਗਈ ਸੀ। ਪ੍ਰੀਖਿਆਵਾਂ ਆਫਲਾਈਨ ਮੋਡ ਵਿੱਚ ਲਈਆਂ ਗਈਆਂ ਸਨ ਤੇ ਅਕਾਦਮਿਕ ਸੈਸ਼ਨ ਨੂੰ ਦੋ ਟਰਮਾਂ ਵਿੱਚ ਵੰਡਿਆ ਗਿਆ ਸੀ। ਕਾਬਿਲੇਗੌਰ ਹੈ ਕਿ ਕੋਵਿਡ-19 ਮਹਾਮਾਰੀ ਕਰਕੇ ਪਿਛਲੇ ਸਾਲ ਬੋਰਡ ਪ੍ਰੀਖਿਆਵਾਂ ਨਹੀਂ ਹੋਈਆਂ ਸਨ ਤੇ ਨਤੀਜੇ ਬਦਲਵੀਂ ਅਸੈਸਮੈਂਟ ਸਕੀਮ ਦੀ ਵਰਤੋਂ ਕਰਦਿਆਂ ਐਲਾਨੇ ਗਏ ਸਨ। ਉਧਰ ਸੀਬੀਐੱਸਈ ਨੇ ਵੀ ਸੈਸ਼ਨ ਨੂੰ ਦੋ ਟਰਮਾਂ ਵਿੱਚ ਵੰਡ ਕੇ ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਆਫਲਾਈਨ ਮੋਡ ਵਿੱਚ ਲਈਆਂ ਹਨ।