ਨਵੀਂ ਦਿੱਲੀ, 3 ਦਸੰਬਰ
ਇਕ ਪਾਸੇ ਜਿੱਥੇ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਫੈਲਣ ਤੋਂ ਰੋਕਣ ਲਈ ਚੌਕਸੀ ਵਧਾ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਕਰੋਨਾ ਵਿਰੋਧੀ ਵੈਕਸੀਨ ਦੀ ਬੂਸਟਰ ਡੋਜ਼ ਅਤੇ ਬੱਚਿਆਂ ਦੇ ਟੀਕਾਕਰਨ ਸਬੰਧੀ ਫ਼ੈਸਲਾ ਮਾਹਿਰਾਂ ਦੇ ਵਿਗਿਆਨਕ ਮਾਰਗਦਰਸ਼ਨ ਦੇ ਆਧਾਰ ’ਤੇ ਹੀ ਲਿਆ ਜਾਵੇਗਾ। ਉਹ ਲੋਕ ਸਭਾ ਵਿਚ ਕੋਵਿਡ-19 ਮਹਾਮਾਰੀ ਬਾਰੇ 11 ਘੰਟੇ ਲੰਬੀ ਚਰਚਾ ਦਾ ਜਵਾਬ ਦੇ ਰਹੇ ਸਨ।
ਸ੍ਰੀ ਮਾਂਡਵੀਆ ਨੇ ਕਿਹਾ ਕਿ ਖ਼ਤਰੇ ਵਾਲੇ ਦੇਸ਼ਾਂ ਤੋਂ ਆਏ 16,000 ਯਾਤਰੀਆਂ ਦੇ ਆਰਟੀ-ਪੀਸੀਆਰ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 18 ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ 18 ਪਾਜ਼ੇਟਿਵ ਮਰੀਜ਼ਾਂ ਦੇ ਸੈਂਪਲ ਓਮੀਕਰੋਨ ਸਰੂਪ ਦਾ ਪਤਾ ਲਗਾਉਣ ਲਈ ਭੇਜੇ ਗਏ ਹਨ। ਉਨ੍ਹਾਂ ਪੀਐੱਮ-ਕੇਅਰਜ਼ ਫੰਡ ਰਾਹੀਂ ਖਰੀਦੇ ਗਏ ਵੈਂਟੀਲੇਟਰਾਂ ਦੀ ਉਪਲੱਬਧਤਾ ਨੂੰ ਇਕ ਸਿਆਸੀ ਮੁੱਦਾ ਬਣਾਉਣ ਲਈ ਵਿਰੋਧੀ ਧਿਰ ਨੂੰ ਲੰਬੇ ਹੱਥੀਂ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਟੀਕਾਕਰਨ ਮੁਹਿੰਮ ਸਬੰਧੀ ਸਵਾਲ ’ਤੇ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਯੋਗ ਲਾਭਪਾਤਰੀਆਂ ਦਾ ਪੂਰਾ ਟੀਕਾਕਰਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 85 ਫ਼ੀਸਦ ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਜਦਕਿ 50 ਫ਼ੀਸਦ ਲਾਭਪਾਤਰੀਆਂ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ। -ਪੀਟੀਆਈ
ਡਬਲਿਊਐੱਚਓ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਕਦਮ ਵਧੇਰੇ ਮਜ਼ਬੂਤੀ ਨਾਲ ਉਠਾਉਣ ਦਾ ਹੋਕਾ
ਨਵੀਂ ਦਿੱਲੀ: ਭਾਰਤ ਵੱਲੋਂ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ, ਵਿਸ਼ਵ ਸਿਹਤ ਸੰਸਥਾ ਨੇ ਅੱਜ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਖਿੱਤੇ ਵਿਚ ਆਉਂਦੇ ਦੇਸ਼ਾਂ ਨੂੰ ਅੱਗੇ ਕਰੋਨਾਵਾਇਰਸ ਅਤੇ ਇਸ ਦੇ ਵੱਖ-ਵੱਖ ਸਰੂਪਾਂ ਨੂੰ ਫੈਲਣ ਤੋਂ ਰੋਕਣ ਲਈ ਵਧੇਰੇ ਮਜ਼ਬੂਤੀ ਨਾਲ ਕਦਮ ਉਠਾਉਣੇ ਚਾਹੀਦੇ ਹਨ। ਵਿਸ਼ਵ ਸਿਹਤ ਸੰਸਥਾ ਦੇ ਦੱਖਣ-ਪੂਰਬੀ ਖਿੱਤੇ ਦੇ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਇਕ ਬਿਆਨ ਵਿਚ ਕਿਹਾ, ‘‘ਵਾਇਰਸ ਦੇ ਨਵੇਂ ਸਰੂਪਾਂ ਅਤੇ ਮੌਜੂਦਾ ਸਰੂਪਾਂ ਨੂੰ ਫੈਲਣ ਤੋਂ ਰੋਕਣ ਲਈ ਵਧੇਰੇ ਮਜ਼ਬੂਤੀ ਨਾਲ ਕਦਮ ਉਠਾਉਣ ਨੂੰ ਤਰਜੀਹ ਦਿੱਤੀ ਜਾਂਦੀ ਰਹਿਣੀ ਚਾਹੀਦੀ ਹੈ।’’ -ਪੀਟੀਆਈ
ਦੇਸ਼ ਵਿੱਚ ਕਰੋਨਾ ਦੇ 9216 ਨਵੇਂ ਕੇਸ ਆਏ; 391 ਮੌਤਾਂ
ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 9,216 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 3,46,15,757 ਹੋ ਗਈ ਹੈ। ਇਸ ਵੇਲੇ ਦੇਸ਼ ’ਚ 99,976 ਕੇਸ ਸਰਗਰਮ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਇਸ ਲਾਗ ਨੇ ਬੀਤੇ 24 ਘੰਟਿਆਂ ਵਿੱਚ 391 ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਨਾਲ ਕਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 4,70,115 ਹੋ ਗਈ ਹੈ। ਦੇਸ਼ ਵਿੱਚ ਇਸ ਲਾਗ ਤੋਂ ਉੱਭਰ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 98.35 ਫ਼ੀਸਦੀ ਹੈ। ਕਰੋਨਾ ਕੇਸਾਂ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 0.80 ਫ਼ੀਸਦੀ ਦਰਜ ਕੀਤੀ ਗਈ, ਜੋ ਪਿਛਲੇ 60 ਦਿਨਾਂ ਤੋਂ 2 ਫ਼ੀਸਦ ਤੋਂ ਹੇਠਾਂ ਹੈ। ਇਸੇ ਤਰ੍ਹਾਂ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 0.84 ਫ਼ੀਸਦੀ ਰਹੀ, ਜੋ 19 ਦਿਨਾਂ ਤੋਂ ਇੱਕ ਫ਼ੀਸਦੀ ਤੋਂ ਹੇਠਾਂ ਚੱਲ ਰਹੀ ਹੈ। -ਪੀਟੀਆਈ