ਨਵੀਂ ਦਿੱਲੀ, 9 ਜੁਲਾਈ
ਭਾਰਤ ਵਿਚ ਕਰੋਨਾਵਾਇਰਸ ਦੇ ਅੱਜ 43,393 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿਚ ਕੁੱਲ ਕੇਸਾਂ ਦੀ ਗਿਣਤੀ 3,07,52,950 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 4,58,727 ’ਤੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਕਰੋਨਾ ਕਾਰਨ 911 ਮੌਤਾਂ ਹੋਈਆਂ ਜਿਸ ਨਾਲ ਹੁਣ ਤੱਕ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 4,05,939 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਸ ਵੇਲੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 4,58,727 ਹੈ ਜੋ ਕਿ ਕੁੱਲ ਕੇਸਾਂ ਦਾ 1.49 ਫ਼ੀਸਦ ਹੈ ਜਦਕਿ ਕਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 97.19 ਫ਼ੀਸਦ ਹੈ। ਉਧਰ ਦੇਸ਼ ਵਿਚ ਕੋਵਿਡ-19 ਵਿਰੋਧੀ ਵੈਕਸੀਨ ਦੇ ਹੁਣ ਤੱਕ 36.89 ਕਰੋੜ ਤੋਂ ਵੱਧ ਡੋਜ਼ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਿਰੋਧੀ ਵੈਕਸੀਨ ਦੇ 40 ਲੱਖ ਤੋਂ ਵੱਧ ਡੋਜ਼ ਲਗਾਏ ਗਏ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਦੇਸ਼ ਭਰ ਵਿਚ ਦਰਜ ਕੀਤੇ ਗਏ ਕਰੋਨਾ ਦੇ ਕੁੱਲ ਕੇਸਾਂ ’ਚੋਂ 53 ਫ਼ੀਸਦ ਕੇਸ ਮਹਾਰਾਸ਼ਟਰ ਤੇ ਕੇਰਲ ’ਚੋਂ ਸਾਹਮਣੇ ਆਏ ਹਨ ਜਦਕਿ ਭਾਰਤ ਵਿਚ ਸਾਹਮਣੇ ਆ ਰਹੇ ਕਰੋਨਾ ਦੇ ਨਵੇਂ ਕੇਸਾਂ ’ਚੋਂ 80 ਫ਼ੀਸਦ 15 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 90 ਜ਼ਿਲ੍ਹਿਆਂ ’ਚੋਂ ਹਨ। ਸਿਹਤ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ, ‘‘ਦੇਸ਼ ਅਜੇ ਵੀ ਕਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਕਰੋਨਾ ਖ਼ਤਮ ਹੋ ਗਿਆ ਹੈ ਤਾਂ ਸਾਨੂੰ ਇਸ ਦੀ ਪੜਚੋਲ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਵਾਲੀਆਂ ਥਾਵਾਂ ਤੋਂ ਸਾਹਮਣੇ ਆ ਰਹੇ ਦ੍ਰਿਸ਼ ਗੰਭੀਰ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ
ਹਰਿਆਣਾ ਵਿਚ 9ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ 16 ਤੋਂ ਖੁੱਲ੍ਹਣਗੇ
ਚੰਡੀਗੜ੍ਹ: ਹਰਿਆਣਾ ਸਰਕਾਰ ਵੱਲੋਂ 16 ਜੁਲਾਈ ਤੋਂ 9ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਇਜਾਜ਼ਤ ਨਾਲ ਸਕੂਲਾਂ ’ਚ ਆਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ 23 ਜੁਲਾਈ ਤੋਂ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀ ਵੀ ਸਕੂਲਾਂ ’ਚ ਆ ਸਕਣਗੇ। ਇਹ ਜਾਣਕਾਰੀ ਅੱਜ ਇਕ ਸਰਕਾਰੀ ਬੁਲਾਰੇ ਨੇ ਦਿੱਤੀ। -ਪੀਟੀਆਈ
ਉੱਤਰ ਪ੍ਰਦੇਸ਼ ਵਿਚ ਕਰੋਨਾ ਦੇ ਕਾਪਾ ਵੈਰੀਐਂਟ ਦੇ ਦੋ ਮਾਮਲੇ
ਲਖਨਊ: ਉੱਤਰ ਪ੍ਰਦੇਸ਼ ਵਿਚ ਕਰੋਨਾਵਾਇਰਸ ਦੇ ਕਾਪਾ ਵੈਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਅੱਜ ਇਕ ਸਰਕਾਰੀ ਬਿਆਨ ਰਾਹੀਂ ਦਿੱਤੀ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਕੀਤੀ ਗਈ ਇਕ ਰੁਟੀਨ ਸਮੀਖਿਆ ਮੀਟਿੰਗ ਤੋਂ ਬਾਅਦ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਕਿ ਪਿਛਲੇ ਕੁਝ ਦਿਨਾਂ ਵਿਚ ਇੱਥੇ ਜੌਰਜ ਮੈਡੀਕਲ ਕਾਲਜ ’ਚ 109 ਸੈਂਪਲਾਂ ਦੀ ਜੀਨੋਮ ਸੀਕੁਐਂਸਿੰਗ ਕੀਤੀ ਗਈ ਸੀ। ਇਨ੍ਹਾਂ ਵਿਚੋਂ 107 ਸੈਂਪਲਾਂ ’ਚ ਡੈਲਟਾ ਪਲੱਸ ਵੈਰੀਐਂਟ ਪਾਇਆ ਗਿਆ ਜਦੋਂਕਿ ਦੋ ਵਿਚ ਕਾਪਾ ਵੈਰੀਐਂਟ ਪਾਇਆ ਗਿਆ। -ਪੀਟੀਆਈ