ਨਵੀਂ ਦਿੱਲੀ, 18 ਜੁਲਾਈ
ਭਾਰਤ ਵਿਚ ਕੱਲ੍ਹ ਕਰੋਨਾਵਾਇਰਸ ਦੇ ਨਵੇਂ ਕੇਸਾਂ ਦਾ ਅੰਕੜਾ 38,000 ਦੇ ਕਰੀਬ ਰਹਿਣ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਵਧ ਗਿਆ। ਅੱਜ ਦੇਸ਼ ਵਿਚ ਕਰੋਨਾ ਦੇ 41,157 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿਚ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,11,06,065 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ 518 ਹੋਰ ਮੌਤਾਂ ਹੋਣ ਨਾਲ ਦੇਸ਼ ’ਚ ਕਰੋਨਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 4,13,609 ’ਤੇ ਪਹੁੰਚ ਗਈ ਹੈ ਜੋ ਕਿ ਕੁੱਲ ਕੇਸਾਂ ਦਾ 1.33 ਫ਼ੀਸਦ ਹੈ। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 4,22,660 ਰਹਿ ਗਈ ਹੈ ਜੋ ਕਿ ਕੁੱਲ ਕੇਸਾਂ ਦਾ 1.36 ਫ਼ੀਸਦ ਹਨ। ਹੁਣ ਤੱਕ ਦੇਸ਼ ਵਿਚ 30269796 ਮਰੀਜ਼ ਠੀਕ ਹੋ ਚੁੱਕੇ ਹਨ ਜੋ ਕਿ ਕੁੱਲ ਕੇਸਾਂ ਦਾ 97.31 ਫ਼ੀਸਦ ਹਨ। ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਦੇਸ਼ ਵਿਚ ਕਰੋਨਾਵਾਇਰਸ ਦੀ ਜਾਂਚ ਲਈ ਕੀਤੇ ਗਏ 19,36,709 ਟੈਸਟਾਂ ਨਾਲ ਹੁਣ ਤੱਕ ਕੀਤੇ ਗਏ ਕੁੱਲ ਟੈਸਟਾਂ ਦੀ ਗਿਣਤੀ 44,39,58,663 ’ਤੇ ਪਹੁੰਚ ਗਈ ਹੈ। ਦੇਸ਼ ਵਿਚ ਹੁਣ ਤੱਕ ਕਰੋਨਾ ਵਿਰੋਧੀ ਵੈਕਸੀਨ ਦੇ 40.49 ਕਰੋੜ ਡੋਜ਼ ਲਗਾਏ ਜਾ ਚੁੱਕੇ ਹਨ। ਦੇਸ਼ ਵਿਚ ਅੱਜ ਹੋਈਆਂ 518 ਨਵੀਆਂ ਮੌਤਾਂ ’ਚੋਂ ਸਭ ਤੋਂ ਵੱਧ 124 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਜਦਕਿ ਕੇਰਲਾ ’ਚ 114 ਮੌਤਾਂ ਹੋਈਆਂ ਹਨ। -ਪੀਟੀਆਈ
ਪੰਜਾਬ ਅਤੇ ਹਰਿਆਣਾ ’ਚ 12 ਮੌਤਾਂ
ਚੰਡੀਗੜ੍ਹ (ਟਨਸ): ਕਰੋਨਾਵਾਇਰਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ 6-6 ਜਣਿਆਂ ਦੀ ਮੌਤ ਹੋ ਗਈ। ਇਸ ਨਾਲ ਪੰਜਾਬ ਵਿੱਚ ਮ੍ਰਿਤਕਾਂ ਦਾ ਅੰਕੜਾ 16,233 ਅਤੇ ਹਰਿਆਣਾ ਵਿੱਚ 9,599 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ’ਚ ਪੰਜਾਬ ਵਿੱਚ 86 ਜਣੇ ਪਾਜ਼ੇਟਿਵ ਪਾਏ ਗਏ ਹਨ ਜਦਕਿ 184 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 1,046 ਸਰਗਰਮ ਕੇਸ ਹਨ। ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ 2, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਲੁਧਿਆਣਾ ਵਿੱਚ ਇਕ-ਇਕ ਜਣੇ ਦੀ ਕਰੋਨਾ ਕਾਰਨ ਮੌਤ ਹੋਈ ਹੈ। ਦੂਜੇ ਪਾਸੇ ਹਰਿਆਣਾ ਵਿੱਚ 35 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 35 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 817 ਸਰਗਰਮ ਕੇਸ ਹਨ।